ਅਮਰੀਕਾ ''ਚ ਮਸ਼ਹੂਰ ਭਾਰਤੀ ਉੱਦਮੀ, ਪਤਨੀ ਅਤੇ ਬੇਟੇ ਦੀ ਮੌਤ

Wednesday, Apr 30, 2025 - 10:16 AM (IST)

ਅਮਰੀਕਾ ''ਚ ਮਸ਼ਹੂਰ ਭਾਰਤੀ ਉੱਦਮੀ, ਪਤਨੀ ਅਤੇ ਬੇਟੇ ਦੀ ਮੌਤ

ਵਾਸਿੰਗਟਨ- ਅਮਰੀਕਾ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ। ਇੱਥੇ 24 ਅਪ੍ਰੈਲ ਨੂੰ ਵਾਸ਼ਿੰਗਟਨ ਦੇ ਨਿਊਕੈਸਲ ਵਿੱਚ ਇੱਕ ਭਾਰਤੀ ਤਕਨੀਕੀ ਉੱਦਮੀ, ਉਸ ਦੀ ਪਤਨੀ ਅਤੇ ਬੇਟੇ ਦੀ ਘਰ ਵਿਚ ਰਹੱਸਮਈ ਹਾਲਤ ਵਿਚ ਮੌਤ ਹੋ ਗਈ। ਅਮਰੀਕੀ ਮੀਡੀਆ ਮੁਤਾਬਕ ਸ਼ੁਰਆਤੀ ਜਾਂਚ ਵਿਚ ਇਸ ਨੂੰ ਆਤਮ ਹੱਤਿਆ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਕਿੰਗ ਕਾਊਂਟੀ ਮੈਡੀਕਲ ਜਾਂਚਕਰਤਾ ਦਫਤਰ ਨੇ ਮ੍ਰਿਤਕਾਂ ਦੀ ਪਛਾਣ ਹਰਸ਼ਵਰਧਨ ਐਸ ਕਿੱਕੇਰੀ (57), ਉਨ੍ਹਾਂ ਦੀ ਪਤਨੀ ਸ਼ਵੇਤਾ ਪਨਯਮ (44) ਅਤੇ ਉਨ੍ਹਾਂ ਦੇ 14 ਸਾਲਾ ਪੁੱਤਰ ਵਜੋਂ ਕੀਤੀ ਹੈ।

ਜਾਂਚ ਵਿੱਚ ਜੁਟੀ ਪੁਲਸ

ਮਾਮਲੇ ਦੀਆਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਜੋੜੇ ਦਾ ਇੱਕ ਪੁੱਤਰ ਬਚ ਗਿਆ ਕਿਉਂਕਿ ਉਹ ਘਟਨਾ ਸਮੇਂ ਘਰ ਵਿਚ ਨਹੀਂ ਸੀ। ਹਾਲਾਂਕਿ ਘਟਨਾ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੱਕੇਰੀ ਵੱਲੋਂ ਚੁੱਕੇ ਗਏ ਇਸ ਅਪਰਾਧਿਕ ਕਦਮ ਪਿੱਛੇ ਕੀ ਕਾਰਨ ਸੀ। ਨਾਲ ਹੀ ਇਸ ਮਾਮਲੇ ਵਿੱਚ ਪੁਲਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।

ਰੋਬੋਟਿਕਸ ਕੰਪਨੀ ਹੋਲੋਵਰਲਡ ਦੇ ਸੰਸਥਾਪਕ

ਤੁਹਾਨੂੰ ਦੱਸ ਦੇਈਏ ਕਿ ਹਰਸ਼ਵਰਧਨ ਐਸ ਕਿੱਕੇਰੀ ਮੈਸੂਰ ਵਿੱਚ ਮੁੱਖ ਦਫਤਰ ਵਾਲੀ ਰੋਬੋਟਿਕਸ ਕੰਪਨੀ, ਹੋਲੋਵਰਲਡ ਦੇ ਸੰਸਥਾਪਕ ਅਤੇ ਸੀ.ਈ.ਓ ਸਨ। ਉਸਦੀ ਪਤਨੀ ਕੰਪਨੀ ਦੀ ਸਹਿ-ਸੰਸਥਾਪਕ ਸੀ। ਕਿੱਕੇਰੀ ਅਤੇ ਉਨ੍ਹਾਂ ਦੀ ਪਤਨੀ 2017 ਵਿੱਚ ਭਾਰਤ ਵਾਪਸ ਆਏ ਅਤੇ ਹੋਲੋਵਰਲਡ ਦੀ ਸਹਿ-ਸਥਾਪਨਾ ਕੀਤੀ, ਪਰ ਕੋਵਿਡ-19 ਮਹਾਮਾਰੀ ਕਾਰਨ ਕੰਪਨੀ 2022 ਵਿੱਚ ਬੰਦ ਹੋ ਗਈ ਅਤੇ ਉਹ ਅਮਰੀਕਾ ਵਾਪਸ ਆ ਗਏ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਨਾਲ ਜਾਰੀ ਟੈਰਿਫ ਵਾਰਤਾ 'ਤੇ Trump ਦਾ ਅਹਿਮ ਬਿਆਨ

ਭਾਰਤ ਤੋਂ ਅਮਰੀਕਾ ਤੱਕ ਦਾ ਸਫ਼ਰ

ਤੁਹਾਨੂੰ ਦੱਸ ਦੇਈਏ ਕਿ ਹਰਸ਼ਵਰਧਨ ਮੂਲ ਰੂਪ ਵਿੱਚ ਕਰਨਾਟਕ ਦੇ ਮੰਡਿਆ ਜ਼ਿਲ੍ਹੇ ਦੇ ਕਿੱਕੇਰੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਮੈਸੂਰ ਦੇ ਸ਼੍ਰੀ ਜੈਚਮਰਾਜੇਂਦਰ ਕਾਲਜ ਆਫ਼ ਇੰਜੀਨੀਅਰਿੰਗ ਤੋਂ ਗ੍ਰੈਜੂਏਟ ਸਨ। ਉਸਨੇ ਮਾਈਕ੍ਰੋਸਾਫਟ ਵਿੱਚ ਕੰਮ ਕਰਦੇ ਹੋਏ ਅਮਰੀਕਾ ਵਿੱਚ ਆਪਣਾ ਕਰੀਅਰ ਬਣਾਇਆ। ਬਾਅਦ ਵਿੱਚ ਉਹ ਭਾਰਤ ਵਾਪਸ ਆ ਗਏ ਅਤੇ 2017 ਵਿੱਚ ਆਪਣੀ ਪਤਨੀ ਸ਼ਵੇਤਾ ਨਾਲ ਮਿਲ ਕੇ 'ਹੋਲੋਵਰਲਡ' ਨਾਮ ਦੀ ਇੱਕ ਰੋਬੋਟਿਕਸ ਕੰਪਨੀ ਸ਼ੁਰੂ ਕੀਤੀ, ਜੋ ਕਿ ਏਆਈ ਅਤੇ ਰੋਬੋਟਿਕਸ 'ਤੇ ਕੇਂਦ੍ਰਿਤ ਸੀ, ਪਰ ਇਹ ਕੰਪਨੀ 2022 ਵਿੱਚ ਬੰਦ ਹੋ ਗਈ।

ਗੁਆਂਢੀ ਅਤੇ ਸਥਾਨਕ ਲੋਕ ਸਦਮੇ ਵਿੱਚ

ਇਸ ਘਟਨਾ ਦੀ ਇਹ ਖ਼ਬਰ ਸਥਾਨਕ ਲੋਕਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਗੁਆਂਢੀ ਕੈਥੀ ਡਨਬਾਰ ਨੇ ਕੋਮੋ ਨਿਊਜ਼ ਨੂੰ ਦੱਸਿਆ,"ਇੱਕ ਨੌਜਵਾਨ, ਪਿਆਰ ਕਰਨ ਵਾਲਾ ਪਰਿਵਾਰ ਘਰ ਵਿੱਚ ਰਹਿੰਦਾ ਸੀ।ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਕੁਝ ਹੋ ਸਕਦਾ ਹੈ।" ਸਵੇਰ ਤੱਕ ਪੁਲਸ ਦੀ ਮੌਜੂਦਗੀ ਘਟਨਾ ਸਥਾਨ 'ਤੇ ਰਹੀ। 

ਕਤਲ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ 

ਹਾਲਾਂਕਿ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਇਸ ਸਮੂਹਿਕ ਕਤਲ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਤਕਨਾਲੋਜੀ ਦੀ ਦੁਨੀਆ ਨਾਲ ਜੁੜੇ ਇਸ ਸਫਲ ਪਰਿਵਾਰ ਵਿੱਚ ਅਜਿਹਾ ਕੀ ਹੋਇਆ ਕਿ ਇਹ ਖੁਦਕੁਸ਼ੀ ਅਤੇ ਕਤਲ ਤੱਕ ਪਹੁੰਚ ਗਿਆ, ਇਹ ਹੁਣ ਇੱਕ ਵੱਡਾ ਸਵਾਲ ਬਣ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News