ਅਮਰੀਕਾ ''ਚ ਭਾਰਤੀ ਮੂਲ ਦਾ ਡਾਕਟਰ ਸਿਹਤ ਸੰਭਾਲ ਧੋਖਾਧੜੀ ਦਾ ਦੋਸ਼ੀ, ਹੋ ਸਕਦੀ ਹੈ 130 ਸਾਲ ਦੀ ਸਜ਼ਾ
Monday, Apr 21, 2025 - 12:52 PM (IST)

ਨਿਊਯਾਰਕ ( ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਵਿੱਚ ਪ੍ਰੈਕਟਿਸ ਕਰ ਰਹੇ ਇੱਕ ਭਾਰਤੀ ਡਾਕਟਰ ਨੂੰ ਇੱਕ ਸਥਾਨਕ ਸੰਘੀ ਅਦਾਲਤ ਨੇ ਸਿਹਤ ਸੰਭਾਲ ਧੋਖਾਧੜੀ ਦਾ ਦੋਸ਼ੀ ਪਾਇਆ। ਉਸ 'ਤੇ ਮਰੀਜ਼ਾਂ ਨੂੰ ਦਵਾਈ ਦੇਣ ਦਾ ਦੋਸ਼ ਲਗਾਇਆ ਗਿਆ ਸੀ ਜਦੋਂ ਇਹ ਡਾਕਟਰੀ ਤੌਰ 'ਤੇ ਜ਼ਰੂਰੀ ਨਹੀਂ ਸਨ ਅਤੇ ਗੈਰ-ਕਾਨੂੰਨੀ ਤੌਰ 'ਤੇ ਨਿਯੰਤਰਿਤ ਦਵਾਈਆਂ ਉਹਨਾਂ ਨੂੰ ਵੰਡ ਰਿਹਾ ਸੀ। ਇਸ ਭਾਰਤੀ ਡਾਕਟਰ 'ਤੇ ਬੇਲੋੜੀਆਂ ਦਵਾਈਆਂ ਲਿਖ ਕੇ ਕਥਿਤ ਤੌਰ 'ਤੇ ਝੂਠੇ ਦਾਅਵੇ ਕਰਨ ਦੇ ਦੋਸ਼ ਵਿੱਚ ਕੇਸ ਚੱਲ ਰਿਹਾ ਸੀ। ਲੰਘੇ ਸਾਲ 2019 ਦੇ ਵਿੱਚ ਡਾ. ਨੀਲ ਕੇ. ਆਨੰਦ ਅਤੇ ਤਿੰਨ ਹੋਰਾਂ 'ਤੇ ਸਿਹਤ ਸੰਭਾਲ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ।
ਬੈਨਸਲੇਮ, ਸਿਟੀ ਦੇ ਸੂਬੇ ਪੈਨਸਿਲਵੇਨੀਆ ਦੇ 48 ਸਾਲਾ ਡਾ. ਨੀਲ ਕੇ. ਆਨੰਦ ਨੂੰ ਇੱਕ ਸਥਾਨਕ ਸੰਘੀ ਜਿਊਰੀ ਨੇ ਸਿਹਤ ਸੰਭਾਲ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਹੈ। ਡਾ. ਆਨੰਦ ਸਮੇਤ ਚਾਰ ਵਿਅਕਤੀਆਂ 'ਤੇ 2019 ਵਿੱਚ ਸਿਹਤ ਸੰਭਾਲ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ। ਆਨੰਦ 'ਤੇ ਮਰੀਜ਼ਾਂ ਨੂੰ ਬੇਲੋੜੀਆਂ ਦਵਾਈਆਂ ਲਿਖਣ ਅਤੇ ਝੂਠੇ ਦਾਅਵੇ ਕਰਨ, ਮੈਡੀਕੇਅਰ, ਯੂ.ਐਸ ਆਫਿਸ ਆਫ ਪਰਸੋਨਲ ਮੈਨੇਜਮੈਂਟ, ਇੰਡੀਪੈਂਡੈਂਸ ਬਲੂ ਕਰਾਸ ਅਤੇ ਐਂਥਮ ਨਾਲ ਕੁੱਲ 2.3 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ ਸਿੱਧ ਹੋਇਆ ਹੈ।
ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤਾਂ ਵਿੱਚ ਕਿਹਾ ਗਿਆ ਹੈ ਕਿ ਡਾ. ਆਨੰਦ ਪਹਿਲਾਂ ਤੋਂ ਦਸਤਖ਼ਤ ਕੀਤੇ ਖਾਲੀ ਨੁਸਖੇ ਲਿਖ ਕੇ ਦਿੰਦਾ ਸੀ। ਇਹ ਦਵਾਈਆਂ ਘਰ ਦੀਆਂ ਫਾਰਮੇਸੀਆਂ ਤੋਂ ਵੀ ਮਿਲਦੀਆਂ ਸਨ। ਇਲਜ਼ਾਮ ਅਨੁਸਾਰ ਡਾ. ਆਨੰਦ ਨੇ ਆਪਣੇ ਇੰਟਰਨ ਨੂੰ ਆਕਸੀਕੋਡੋਨ ਨਾਮਕ ਇੱਕ ਨਿਯੰਤਰਿਤ ਦਵਾਈ ਲਈ ਪਹਿਲਾਂ ਤੋਂ ਦਸਤਖ਼ਤ ਕੀਤਾ ਨੁਸਖ਼ਾ ਦਿੱਤਾ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਿਰਫ਼ 9 ਮਰੀਜ਼ਾਂ ਦੇ ਇਲਾਜ ਲਈ ਆਕਸੀਕੋਡੋਨ ਦੀਆਂ 29 ਹਜ਼ਾਰ 850 ਗੋਲੀਆਂ ਦੀ ਵਰਤੋਂ ਕੀਤੀ ਗਈ। ਆਕਸੀਕੋਡੋਨ ਇੱਕ ਓਪੀਔਡ ਦਰਦ ਨਿਵਾਰਕ ਹੈ ਅਤੇ ਇਸਦੀ ਵਰਤੋਂ ਨਸ਼ਾ ਕਰਨ ਲਈ ਵੀ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਇਸ ਨਸ਼ੇ ਦੀ ਲਤ ਲਈ ਵਰਤੋਂ ਕਰਨ ਵਾਲੇ ਲੋਕਾਂ ਦੀ ਚਿੰਤਾਜਨਕ ਦਰ ਹੈ।
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਗੁਰਦੁਆਰਾ ਸਾਹਿਬ 'ਚ ਖਾਲਿਸਤਾਨ ਪੱਖੀ ਗ੍ਰੈਫਿਟੀ ਨਾਲ ਭੰਨਤੋੜ, ਸਿੱਖ ਭਾਈਚਾਰੇ 'ਚ ਰੋਸ
ਜਦੋਂ ਡਾ. ਆਨੰਦ ਨੂੰ ਪਤਾ ਲੱਗਾ ਕਿ ਉਸ ਦੀ ਜਾਂਚ ਚੱਲ ਰਹੀ ਹੈ, ਤਾਂ ਉਸਨੇ ਆਪਣੇ ਪਿਤਾ ਅਤੇ ਆਪਣੀ ਨਾਬਾਲਗ ਧੀ ਦੇ ਖਾਤਿਆਂ ਵਿੱਚ ਲਗਭਗ 1.2 ਮਿਲੀਅਨ ਡਾਲਰ ਟ੍ਰਾਂਸਫਰ ਕਰ ਦਿੱਤੇ। ਭਾਰਤੀ ਡਾ. ਆਨੰਦ ਨੂੰ ਸਿਹਤ ਸੰਭਾਲ ਦੀ ਧੋਖਾਧੜੀ ਅਤੇ ਵਾਇਰ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਵਿੱਚ ਸਿਹਤ ਸੰਭਾਲ ਧੋਖਾਧੜੀ ਦੇ ਤਿੰਨ ਦੋਸ਼, ਮਨੀ ਲਾਂਡਰਿੰਗ ਦਾ ਇੱਕ ਦੋਸ਼, ਗੈਰ-ਕਾਨੂੰਨੀ ਪੈਸੇ ਦੇ ਲੈਣ-ਦੇਣ ਦੇ ਚਾਰ ਦੋਸ਼ ਅਤੇ ਨਿਯੰਤਰਿਤ ਦਵਾਈਆਂ ਦੇਣ ਦਾ ਇੱਕ ਦੋਸ਼ ਸ਼ਾਮਲ ਹੈ। ਡਾ. ਆਨੰਦ ਨੂੰ 19 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਉਨ੍ਹਾਂ ਨੂੰ 130 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਉਮਰ ਭਰ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ।
ਡਾ. ਆਨੰਦ ਸਮੇਤ ਧੋਖਾਧੜੀ ਦੇ ਦੋਸ਼ੀ ਚਾਰ ਲੋਕਾਂ ਵਿੱਚੋਂ ਤਿੰਨ ਕੋਲ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਮੈਡੀਕਲ ਡਿਗਰੀਆਂ ਸਨ, ਪਰ ਉਨ੍ਹਾਂ ਕੋਲ ਸੰਯੁਕਤ ਰਾਜ ਅਮਰੀਕਾ ਵਿੱਚ ਡਾਕਟਰੀ ਦਾ ਅਭਿਆਸ ਕਰਨ ਦਾ ਲਾਇਸੈਂਸ ਨਹੀਂ ਸੀ।ਇਸ ਤੋਂ ਪਹਿਲਾਂ 14 ਦਸੰਬਰ, 2017 ਨੂੰ ਇੱਕ ਭਾਰਤੀ ਡਾਕਟਰ ਦੇਵੇਂਦਰ ਪਟੇਲ ਨੂੰ ਅਮਰੀਕਾ ਦੇ ਨੇਵਾਡਾ ਰਾਜ ਵਿੱਚ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਨੁਸਖ਼ੇ ਵਾਲੀਆਂ ਓਪੀਔਡਜ਼ ਦੀ ਗੈਰ-ਕਾਨੂੰਨੀ ਵੰਡ ਅਤੇ ਸਿਹਤ ਸੰਭਾਲ ਧੋਖਾਧੜੀ ਦੇ ਵੀ ਦੋਸ਼ ਲਗਾਏ ਗਏ ਸਨ। ਅਮਰੀਕੀ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਅਤੇ ਹੋਰ ਅਧਿਕਾਰੀਆਂ ਨੇ ਉਸ ਸਮੇਂ ਕਿਹਾ ਸੀ ਕਿ ਡਾ. ਪਟੇਲ ਨੇ ਮਈ 2014 ਤੋਂ ਸਤੰਬਰ 2017 ਤੱਕ ਨਿਯਮਿਤ ਤੌਰ 'ਤੇ ਫੈਂਟਾਨਿਲ, ਹਾਈਡ੍ਰੋਕੋਡੋਨ ਅਤੇ ਆਕਸੀਕੋਡੋਨ ਵਰਗੀਆਂ ਦਵਾਈਆਂ ਲਿਖੀਆਂ, ਭਾਵੇਂ ਉਨ੍ਹਾਂ ਦੀ ਲੋੜ ਨਹੀਂ ਸੀ। ਡਾ. ਪਟੇਲ ਨੂੰ ਰੇਨੋ ਦੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹਾਲਾਂਕਿ ਉਸਨੇ ਆਪਣਾ ਅਜੇ ਅਪਰਾਧ ਕਬੂਲ ਨਹੀਂ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।