ਬਾਪ ਨੇ ਚਾਵਾਂ ਨਾਲ ਧੀ ਨੂੰ ਬਿਠਾਉਣਾ ਸੀ ਡੋਲੀ ਪਰ ਦੇਣਾ ਪੈ ਗਿਆ ਅਰਥੀ ਨੂੰ ਮੋਢਾ
Saturday, Mar 17, 2018 - 06:08 PM (IST)

ਇਸਤਾਂਬੁਲ/ਦੁਬਈ— ਪਿਛਲੇ ਹਫਤੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਤੁਰਕੀ ਦੇ ਇਸਤਾਂਬੁਲ ਜਾ ਰਿਹਾ ਪ੍ਰਾਈਵੇਟ ਜਹਾਜ਼ ਈਰਾਨ ਦੇ ਪਹਾੜੀ ਖੇਤਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ 'ਚ 11 ਲੋਕਾਂ ਦੀ ਮੌਤ ਹੋ ਗਈ। ਇਹ ਜਹਾਜ਼ ਤੁਰਕੀ ਦੇ ਬਿਜ਼ਨੈੱਸਮੈਨ ਹੁਸੈਨ ਬਸਰਾਨ ਦਾ ਸੀ। ਜਹਾਜ਼ ਹਾਦਸੇ ਵਿਚ ਹੁਸੈਨ ਦੀ ਧੀ ਮੀਨਾ ਬਸਰਾਨ ਆਪਣੀਆਂ 7 ਸਹੇਲੀਆਂ ਨਾਲ ਦੁਬਈ ਘੁੰਮਣ-ਫਿਰਨ ਅਤੇ ਪਾਰਟੀ ਕਰਨ ਗਈ ਸੀ। ਇਸ ਜਹਾਜ਼ ਹਾਦਸੇ 'ਚ ਮੀਨਾ, ਉਸ ਦੀਆਂ 7 ਸਹੇਲੀਆਂ ਅਤੇ 3 ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ।
ਕੱਲ ਭਾਵ ਸ਼ੁੱਕਰਵਾਰ ਨੂੰ 28 ਸਾਲਾ ਮੀਨਾ ਬਸਰਾਨ ਦੀ ਮ੍ਰਿਤਕ ਦੇਹ ਤੁਰਕੀ ਸਥਿਤ ਉਸ ਦੇ ਘਰ ਪੁੱਜੀ, ਜਿੱਥੇ ਉਸ ਨੂੰ ਅੰਤਿਮ ਵਿਦਾਈ ਦਿੱਤੀ ਗਈ। ਪਿਤਾ ਹੁਸੈਨ ਆਪਣੀ ਧੀ ਮੀਨਾ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਧਾਹਾਂ ਮਾਰ ਕੇ ਰੋਇਆ।
ਇੱਥੇ ਦੱਸ ਦੇਈਏ ਕਿ ਮੀਨਾ ਦਾ ਆਉਣ ਵਾਲੀ 14 ਅਪ੍ਰੈਲ ਨੂੰ ਵਿਆਹ ਸੀ ਅਤੇ ਉਸ ਦੇ ਪਿਤਾ ਉਸ ਦੇ ਵਿਆਹ ਦੀਆਂ ਤਿਆਰੀਆਂ 'ਚ ਜੁਟੇ ਹੋਏ ਸਨ। ਮੀਨਾ ਨੂੰ ਅੰਤਿਮ ਵਿਦਾਈ ਦੇਣ ਲਈ ਉਸ ਦਾ ਮੰਗੇਤਰ ਵੀ ਮੌਜੂਦ ਸੀ। ਮੀਨਾ ਦੀ ਮ੍ਰਿਤਕ ਦੇਹ ਦੇ ਤਾਬੂਤ ਨੂੰ ਫੁੱਲਾਂ ਨਾਲ ਸਜਾਇਆ ਗਿਆ। ਮੀਨਾ ਦੇ ਮੰਗੇਤਰ ਮੇਰਾਤ ਗੇਜ਼ਰ ਨੇ ਦਿਲ ਨੂੰ ਛੂਹ ਲੈਣ ਵਾਲਾ ਮੈਸੇਜ ਲਿਖਿਆ, ''ਮੇਰੀ ਸਭ ਤੋਂ ਪਿਆਰੀ ਪਰੀ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਮੇਰੀ ਉਡੀਕ ਕਰਨਾ।
ਦੱਸਣਯੋਗ ਹੈ ਕਿ ਇਸ ਜ਼ਹਾਜ ਹਾਦਸੇ ਤੋਂ ਪਹਿਲਾਂ ਮੀਨਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਸਹੇਲੀਆਂ ਨਾਲ ਤਸਵੀਰਾਂ ਪੋਸਟ ਕੀਤੀਆਂ ਸਨ। ਮੀਨਾ ਬਸਰਾਨ ਇਸਤਾਂਬੁਲ 'ਚ ਇਕ ਵੱਡੇ ਪ੍ਰਾਜੈਕਟ 'ਤੇ ਕੰਮ ਕਰ ਰਹੀ ਸੀ, ਉਸ ਦਾ ਨਾਂ ਮੀਨਾ ਟਾਵਰਸ ਰੱਖਿਆ ਗਿਆ ਸੀ। ਓਧਰ ਇਸ ਜਹਾਜ਼ ਹਾਦਸੇ ਦੀ ਤੁਰਕੀ ਦੇ ਅਧਿਕਾਰੀ ਜਾਂਚ ਕਰ ਰਹੇ ਹਨ। ਹਾਦਸੇ ਦੇ ਸ਼ਿਕਾਰ ਹੋਏ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ।