ਡੋਮਿਨਿਕਨ ਰੀਪਬਲਿਕ ’ਚ ਹਾਦਸਾਗ੍ਰਸਤ ਹੋਇਆ ਜਹਾਜ਼, 9 ਲੋਕਾਂ ਦੀ ਮੌਤ
Thursday, Dec 16, 2021 - 10:42 AM (IST)
ਡੋਮਿੰਗੋ (ਭਾਸ਼ਾ)- ਡੋਮਿਨਿਕਨ ਰੀਪਬਲਿਕ ਵਿਚ ਬੁੱਧਵਾਰ ਨੂੰ ਇਕ ਛੋਟਾ ਜਹਾਜ਼ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ ਸਾਰੇ 9 ਲੋਕ ਮਾਰੇ ਗਏ। ਪਿਉਰਟੋ ਰੀਕੋ ਦੇ ਸੰਗੀਤਕਾਰ ਜੋਸ ਅੰਜੇਲ ਹਰਨਾਡੇਜ਼ ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਹਵਾਬਾਜ਼ੀ ਕੰਪਨੀ 'ਹੈਲੀਡੋਸਾ ਏਵੀਏਸ਼ਨ ਗਰੁੱਪ' ਨੇ ਟਵੀਟ ਕੀਤਾ ਕਿ 'ਗਲਫਸਟ੍ਰੀਮ' ਜਹਾਜ਼ 'ਚ ਚਾਲਕ ਦਲ ਦੇ 2 ਮੈਂਬਰ ਅਤੇ 7 ਯਾਤਰੀ ਸਵਾਰ ਸਨ।
ਕੰਪਨੀ ਨੇ ਕਿਹਾ ਕਿ ਜਹਾਜ਼ ਨੇ ਮਿਆਮੀ ਲਈ ਅਲ ਹਿਗੁਏਰੋ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਪਰ ਕੁੱਝ ਸਮੇਂ ਬਾਅਦ ਹੀ ਡੋਮਿਨਿਕਨ ਰੀਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿਚ ਲਾਸ ਅਮੇਰੀਕਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਪਾਇਲਟ ਨੇ ਕੁਝ ਮਿੰਟਾਂ ਬਾਅਦ ਜਹਾਜ਼ ਨੂੰ ਲੈਂਡ ਕਰਨ ਦਾ ਫੈਸਲਾ ਕਿਉਂ ਕੀਤਾ ਜਾਂ ਹਾਦਸਾ ਕਿਸ ਕਾਰਨ ਹੋਇਆ। ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਾਦਸੇ ਵਿਚ ਪਿਉਰਟੋ ਰੀਕੋ ਦੇ ਸੰਗੀਤਕਾਰ ਜੋਸ ਅੰਜੇਲ ਹਰਨਾਡੇਜ਼ (38) ਦੀ ਵੀ ਜਾਨ ਚਲੀ ਗਈ। ਹੈਲੀਡੋਸਾ ਏਵੀਏਸ਼ਨ ਗਰੁੱਪ ਨੇ ਕਿਹਾ ਕਿ ਹਰਨਾਡੇਜ਼ ਆਪਣੇ ਛੇ ਰਿਸ਼ਤੇਦਾਰਾਂ ਅਤੇ ਸਹਿ-ਕਰਮਚਾਰੀਆਂ ਨਾਲ ਜਹਾਜ਼ ਵਿਚ ਸਫ਼ਰ ਕਰ ਰਹੇ ਸਨ।
ਇਹ ਵੀ ਪੜ੍ਹੋ : 'ਘਰ ਦਾ ਖ਼ਰਚਾ ਚਲਾਉਣ ਲਈ ਇਮਰਾਨ ਖਾਨ ਹਰ ਮਹੀਨੇ ਪਾਰਟੀ ਨੇਤਾ ਤੋਂ ਲੈਂਦੇ ਸਨ 50 ਲੱਖ ਰੁਪਏ'