UK : ਵਿਵਾਦਾਂ ''ਚ ਘਿਰੀ ਭਾਰਤੀ ਮੂਲ ਦੀ ਮੰਤਰੀ, PM ਬੋਰਿਸ ਨੇ ਦਿੱਤਾ ਇਹ ਬਿਆਨ

03/02/2020 12:11:58 PM

ਲੰਡਨ— ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ 'ਤੇ ਸਟਾਫ ਨਾਲ ਦੁਰਵਿਵਹਾਰ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲੱਗ ਰਹੇ ਹਨ, ਅਜਿਹੇ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪ੍ਰੀਤੀ ਪਟੇਲ  ਦਾ ਸਮਰਥਨ ਕੀਤਾ ਹੈ। ਗ੍ਰਹਿ ਵਿਭਾਗ ਦੇ ਸਭ ਤੋਂ ਉੱਚ ਅਧਿਕਾਰੀ ਸਰ ਫਿਲਿਪ ਰਟਨਮ ਨੇ ਭਾਰਤੀ ਮੂਲ ਦੀ ਪ੍ਰੀਤੀ ਪਟੇਲ 'ਤੇ ਸ਼ਨੀਵਾਰ ਨੂੰ ਦੋਸ਼ ਲਗਾਏ ਕਿ ਉਨ੍ਹਾਂ ਖਿਲਾਫ ਪਿਛਲੇ 10 ਦਿਨਾਂ ਤੋਂ ਯੋਜਨਾਬੱਧ ਤਰੀਕੇ ਨਾਲ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸੇ ਲਈ ਉਨ੍ਹਾਂ ਅਸਤੀਫਾ ਦੇ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪ੍ਰੀਤੀ ਪਟੇਲ ਨਾਲ ਗੱਲ ਕਰਕੇ ਮਾਮਲਾ ਸੁਲਝਾਉਣਾ ਚਾਹੁੰਦੇ ਸਨ ਪਰ ਪ੍ਰੀਤੀ ਪਟੇਲ ਨੇ ਅਜਿਹਾ ਨਹੀਂ ਹੋਣ ਦਿੱਤਾ। ਇਸ ਤੋਂ ਪਹਿਲਾਂ ਜਦ ਪ੍ਰੀਤੀ ਪਟੇਲ ਰੋਜ਼ਗਾਰ ਮੰਤਰੀ ਸਨ ਤਦ ਵੀ ਉਨ੍ਹਾਂ 'ਤੇ ਦੁਰਵਿਵਹਾਰ ਦਾ ਦੋਸ਼ ਲੱਗਾ ਸੀ।

ਸਟਾਫ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਨੂੰ ਗ੍ਰਹਿ ਮੰਤਰੀ ਨੇ ਗਲਤ ਠਹਿਰਾਇਆ ਹੈ। ਉੱਤਰੀ ਲੰਡਨ 'ਚ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰੀਤੀ ਪਟੇਲ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ,''ਮੈਨੂੰ ਲੱਗਦਾ ਹੈ ਕਿ ਉਹ ਸ਼ਾਨਦਾਰ ਗ੍ਰਹਿ ਮੰਤਰੀ ਹਨ, ਜੋ ਕੋਈ ਗ੍ਰਹਿ ਮੰਤਰੀ ਰਿਹਾ ਹੈ, ਉਹ ਦੱਸ ਸਕਦਾ ਹੈ ਕਿ ਇਹ ਸਰਕਾਰ ਦੇ ਸਭ ਤੋਂ ਮੁਸ਼ਕਲ ਅਹੁਦਿਆਂ 'ਚੋਂ ਇਕ ਹੈ।'' ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਸਿਵਲ ਸਰਵਿਸ ਦੇ ਲੋਕਾਂ ਅਤੇ ਉਨ੍ਹਾਂ ਦੇ ਕੰਮ ਦਾ ਪੂਰਾ ਸਨਮਾਨ ਕਰਦੇ ਹਨ।

ਸ਼ਨੀਵਾਰ ਨੂੰ ਜਾਰੀ ਬਿਆਨ 'ਚ ਸਰ ਫਿਲਿਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪਟੇਲ ਕਰਮਚਾਰੀਆਂ ਨਾਲ ਬਦਜ਼ੁਬਾਨੀ ਕਰਨ, ਉਨ੍ਹਾਂ ਨੂੰ ਨੀਂਵਾਂ ਦਿਖਾਉਣ ਵਰਗੇ ਵਿਵਹਾਰ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਖਿਲਾਫ ਖਿਲਾਫ ਕਾਨੂੰਨੀ ਕਦਮ ਚੁੱਕਣ ਬਾਰੇ ਸੋਚ ਰਹੇ ਹਨ।


Related News