ਪ੍ਰਧਾਨ ਮੰਤਰੀ ਰਿਹਾਇਸ਼ ਦਾ ਹਰ ਰੋਜ਼ ਦਾ ਖਰਚ ਆਪਣੀ ਜੇਬੋਂ ਦਿੱਤਾ: ਸ਼ਰੀਫ

08/20/2018 6:56:17 PM

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਿਹਾਇਸ਼ ਦੇ ਹਰ ਰੋਜ਼ ਦੇ ਖਰਚ ਦਾ ਭੁਗਤਾਨ ਆਪਣੀ ਜੇਬੋਂ ਕੀਤਾ ਸੀ। ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਜਦੋਂ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਦੇ ਖਰਚਿਆਂ 'ਚ ਵਿਆਪਕ ਕਟੌਤੀ ਦਾ ਐਲਾਨ ਕੀਤਾ ਹੈ। ਸ਼ਰੀਫ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ ਦੀ ਸਜ਼ਾ ਕੱਟ ਰਹੇ ਹਨ।
ਪਾਕਿਸਤਾਨ ਦੀ ਅਖਬਾਰ ਡਾਨ ਮੁਤਾਬਕ ਭ੍ਰਿਸ਼ਟਾਚਾਰ ਦੇ ਦੋ ਹੋਰ ਮਾਮਲਿਆਂ 'ਚ ਪੇਸ਼ੀ ਦੇ ਲਈ ਆਏ ਸ਼ਰੀਫ ਨੇ ਜਵਾਬਦੇਹੀ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਭੁਗਤਾਨ ਦੇ ਸਬੂਤ ਦੇ ਰੂਪ 'ਚ ਉਨ੍ਹਾਂ ਦੇ ਕੋਲ ਚੈੱਕ ਹਨ। ਨਵਾਜ਼ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਿਹਾਇਸ਼ ਦੇ ਰੋਜ਼ਾਨਾ ਦੇ ਖਰਚ ਦਾ ਭੁਗਤਾਨ ਆਪਣੀ ਜੇਬ ਤੋਂ ਕੀਤਾ ਸੀ। ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਤੇ ਦਿਨ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਬੋਧਨ 'ਚ ਪ੍ਰਧਾਨ ਮੰਤਰੀ ਰਿਹਾਇਸ਼ ਦੇ ਖਰਚਿਆਂ 'ਚ ਕਟੌਤੀ ਦਾ ਐਲਾਨ ਕੀਤਾ ਸੀ। ਖਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕੋਲ 524 ਸੇਵਕ ਤੇ 80 ਕਾਰਾਂ ਹੁੰਦੀਆਂ ਹਨ। ਪ੍ਰਧਾਨ ਮੰਤਰੀ, ਜੋ ਮੈਂ ਹਾਂ, ਦੇ ਕੋਲ 33 ਬੁਲੇਟਪਰੂਫ ਕਾਰਾਂ ਵੀ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨੂੰ ਲਿਆਉਣ ਲਿਜਾਣ ਲਈ ਹੈਲੀਕਾਪਟਰ ਤੇ ਜਹਾਜ਼ ਵੀ ਹੁੰਦੇ ਹਨ। ਸਾਡੇ ਕੋਲ ਵੱਡੇ ਮਕਾਨ ਤੇ ਹਰ ਸੁੱਖ ਸੁਵਿਧਾ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਆਪਣੇ ਖੁਦ ਦੇ ਤੇ ਦੇਸ਼ ਦੇ ਖਰਚ 'ਚ ਕਟੌਤੀ ਦੀ ਹੈ। ਖਾਨ ਨੇ ਕਿਹਾ ਕਿ ਮੈਂ 524 ਲੋਕਾਂ 'ਚੋਂ ਸਿਰਫ 2 ਲੋਕ ਰੱਖਾਂਗਾ। ਮੈਂ ਤਿੰਨ ਬੈੱਡਰੂਮ ਦੇ ਮਕਾਨ 'ਚ ਰਹਾਂਗਾ, ਜੋ ਫੌਜ ਸਕੱਤਰ ਦੀ ਰਿਹਾਇਸ਼ ਹੁੰਦੀ ਸੀ।


Related News