ਓਮੀਕਰੋਨ ਦਾ ਖੌਫ਼ : ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਚੌਥੀ ਲਹਿਰ ਨੂੰ ‘ਤੂਫ਼ਾਨੀ ਲਹਿਰ’ ਐਲਾਨਿਆ, ਰੱਖਿਆ ਇਹ ਟੀਚਾ
Tuesday, Dec 14, 2021 - 02:14 PM (IST)
ਲੰਡਨ – ਇੰਗਲੈਂਡ ’ਚ ਓਮੀਕ੍ਰੋਨ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਓਮੀਕ੍ਰੋਨ ਨੂੰ ਆਫ਼ਤਕਾਲ ਐਲਾਨ ਦਿੱਤਾ ਹੈ। ਇਸ ਹਫ਼ਤੇ ਕੀਤੀ ਆਪਣੀ ਬੈਠਕ ’ਚ ਉਨ੍ਹਾਂ ਕਿਹਾ ਕਿ ਇੰਗਲੈਂਡ ’ਚ ਹਰ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਦਿੱਤੀ ਜਾਵੇ। ਬੋਰਿਸ ਨੇ ਲੋਕਾਂ ਨੂੰ ਆਪਣੇ ਸੰਦੇਸ਼ ’ਚ ਓਮੀਕਰੋਨ ਨੂੰ ‘ਤੂਫ਼ਾਨੀ ਲਹਿਰ’ ਆਉਣ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵੈਰੀਐਂਟ ਦਾ ਸੰਕ੍ਰਮਣ ਤੇਜ਼ੀ ਨਾਲ ਫ਼ੈਲ ਰਿਹਾ ਹੈ ਅਤੇ ਇਹ ਆਫ਼ਤਕਾਲ ’ਚ ਬਦਲਦਾ ਜਾ ਰਿਹਾ ਹੈ।
ਦੇਸ਼ ਦੇ ਸਿਹਤ ਸਲਾਹਕਾਰਾਂ ਨੇ ਕੋਰੋਨਾ ਅਲਰਟ ਲੈਵਲ 3 ਤੋਂ 4 ਕਰ ਦਿੱਤਾ ਹੈ। ਟੀ. ਵੀ. ਜਾਰੀ ਬਿਆਨ ’ਚ ਬੋਰਿਸ ਨੇ ਕਿਹਾ, ‘‘ਓਮੀਕਰੋਨ ਦੀ ਲਹਿਰ ਆ ਰਹੀ ਹੈ ਅਤੇ ਇਸ ’ਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦਸੰਬਰ ਦੇ ਅੰਤ ਤੱਕ 18 ਸਾਲ ਦੇ ਉਪਰ ਵਾਲੇ ਲੋਕਾਂ ਨੂੰ ਬੂਸਟਰ ਡੋਜ਼ ਦੇਣ ਦਾ ਟੀਚਾ ਵੀ ਰੱਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੂਸਟਰ ’ਤੇ ਫੋਕਸ ਕਰਨ ਲਈ ਕੁਝ ਮੈਡੀਕਲ ਅਪੁਆਇੰਟਮੈਂਟ ਵੀ ਰੱਖੀਆਂ ਜਾ ਸਕਦੀਆਂ ਹਨ।
ਪ੍ਰਧਾਨ ਮੰਤਰੀ ਜੌਹਨਸਨ ਨੇ ਐਤਵਾਰ ਸ਼ਾਮ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ ਨਵੇਂ ਓਮੀਕਰੋਨ ਦੇ ਫੈਲਣ ਵਾਲੇ ਸੰਕਰਮਣ ਦੇ ਮੱਦੇਨਜ਼ਰ, ਬ੍ਰਿਟੇਨ ’ਚ ਕੋਵਿਡ ਅਲਰਟ ਨੂੰ ਚੌਥੇ ਪੱਧਰ ਤੱਕ ਵਧਾ ਦਿੱਤਾ ਗਿਆ ਹੈ। ਚੌਥੇ ਪੱਧਰ ਦਾ ਮਤਲਬ ਹੈ ਕਿ ਲਾਗ ਬਹੁਤ ਜ਼ਿਆਦਾ ਹੈ ਜਾਂ ਲਗਾਤਾਰ ਵਧ ਰਹੀ ਹੈ। ਯੂ.ਕੇ ’ਚ ਮਈ ’ਚ ਅਲਰਟ ਦਾ ਆਖਰੀ ਪੱਧਰ ਜਾਰੀ ਕੀਤਾ ਗਿਆ ਸੀ। ਜੌਹਨਸਨ ਨੇ ਕਿਹਾ, "ਅਸੀਂ ਨਵੇਂ ਓਮਿਕਰੋਨ ਨਾਲ ਲੜਾਈ ਵਿੱਚ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਾਂ।"
ਤੁਹਾਨੂੰ ਦੱਸ ਦੇਈਏ ਕਿ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦਾ ਐਤਵਾਰ ਨੂੰ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਰਾਸ਼ਟਰਪਤੀ ਰਾਮਾਫੋਸਾ ਨੇ ਦੱਸਿਆ ਕਿ ਉਨ੍ਹਾਂ ਦਾ ਹਲਕੇ ਲੱਛਣਾਂ ਦਾ ਇਲਾਜ ਚੱਲ ਰਿਹਾ ਹੈ। ਰਾਮਾਫੋਸਾ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਉਹ ਠੀਕ ਹੋਣ ਤੱਕ ਆਪਣੇ ਆਪ ਨੂੰ ਇਕਾਂਤਵਾਸ ਰੱਖਣਗੇ। ਉਦੋਂ ਤੱਕ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਉਪ ਰਾਸ਼ਟਰਪਤੀ ਡੇਵਿਡ ਮਬੂਜਾ ਵੱਲੋਂ ਨਿਭਾਈ ਜਾਵੇਗੀ।