ਰਾਸ਼ਟਰਪਤੀ ਮੁਰਮੂ ‘ਬੋਤਸਵਾਨਾ’ ਪਹੁੰਚੀ; ਭਾਰਤ ਨੂੰ ਮਿਲਣਗੇ 8 ਚੀਤੇ
Wednesday, Nov 12, 2025 - 04:25 AM (IST)
ਗਾਬੋਰੋਨੇ (ਭਾਸ਼ਾ) - ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਫਰੀਕਾ ਦੇ 2 ਦੇਸ਼ਾਂ ਦੇ ਦੌਰੇ ਦੇ ਆਪਣੇ ਆਖਰੀ ਪੜਾਅ ’ਚ ਮੰਗਲਵਾਰ ਨੂੰ ਬੋਤਸਵਾਨਾ ਪਹੁੰਚੀ। ਇਸ ਦੌਰੇ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ 8 ਕਾਲਾਹਾਰੀ ਮਾਰੂਥਲੀ ਚੀਤਿਆਂ ਨੂੰ ਭਾਰਤ ਭੇਜਣ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣਾ ਹੈ।
ਅੰਗੋਲਾ ਦੀ ਰਾਜਧਾਨੀ ਲੁਆਂਡਾ ਤੋਂ ਉਡਾਣ ਭਰਨ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਬੋਤਸਵਾਨਾ ਦੀ ਰਾਜਧਾਨੀ ਗਾਬੋਰੋਨੇ ਸਥਿਤ ਸਰ ਸੇਰੇਟਸ ਖਾਮਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ, ਜਿੱਥੇ ਉਨ੍ਹਾਂ ਦਾ ਸਵਾਗਤ ਰਾਸ਼ਟਰਪਤੀ ਡੂਮਾ ਗਿਦੋਨ ਬੋਕੋ ਨੇ ਕੀਤਾ। ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਅਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਕਿਸੇ ਭਾਰਤੀ ਰਾਸ਼ਟਰਪਤੀ ਦਾ ਬੋਤਸਵਾਨਾ ਦਾ ਇਹ ਪਹਿਲਾ ਸਰਕਾਰੀ ਦੌਰਾ ਹੈ। ਆਪਣੇ ਤਿੰਨ ਦਿਨਾ ਦੌਰੇ ਦੌਰਾਨ ਰਾਸ਼ਟਰਪਤੀ ਮੁਰਮੂ ਆਪਣੇ ਹਮਰੁਤਬਾ ਰਾਸ਼ਟਰਪਤੀ ਬੋਕੋ ਨਾਲ ਵਫ਼ਦ-ਪੱਧਰੀ ਗੱਲਬਾਤ ਕਰੇਗੀ।
