ਇੰਡੋਨੇਸ਼ੀਆ ਦੇ ਜੰਗਲਾਂ ਵਿਚ ਲੱਗੀ ਅੱਗ ''ਤੇ ਕਾਬੂ ਪਾਉਣ ਲਈ ਬਾਰਿਸ਼ ਦੀ ਪ੍ਰਾਰਥਨਾ
Friday, Sep 13, 2019 - 03:45 PM (IST)

ਪੇਕਨਬਾਰੂ (ਇੰਡੋਨੇਸ਼ੀਆ) (ਏਜੰਸੀ)- ਇੰਡੋਨੇਸ਼ੀਆ ਦੇ ਸ਼ਹਿਰ ਪੇਕਨਬਾਰੂ ਵਿਚ ਸੈਂਕੜੇ ਲੋਕਾਂ ਨੇ ਸ਼ੁੱਕਰਵਾਰ ਨੂੰ ਮੀਂਹ ਪੈਣ ਲਈ ਜਨਤਕ ਤੌਰ 'ਤੇ ਪ੍ਰਾਰਥਨਾ ਕੀਤੀ ਤਾਂ ਜੋ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਦੀ ਸਮੱਸਿਆ ਤੋਂ ਮੁਕਤੀ ਪਾਈ ਜਾ ਸਕੇ ਅਤੇ ਪੂਰੇ ਦੇਸ਼ ਵਿਚ ਫੈਲੇ ਜ਼ਹਿਰੀਲੇ ਧੂੰਏਂ ਤੋਂ ਲੋਕਾਂ ਨੂੰ ਰਾਹਤ ਮਿਲੇ ਸਕੇ। ਇੰਡੋਨੇਸ਼ੀਆ ਦੇ ਸੁਮਾਤਰਾ ਅਤੇ ਬੋਰਨੀਓ ਟਾਪੂ 'ਤੇ ਖੇਤੀ ਦੀ ਜ਼ਮੀਨ ਸਾਫ ਕਰਨ ਲਈ ਨਾਜਾਇਜ਼ ਤਰੀਕੇ ਨਾਲ ਲਗਾਈ ਗਈ ਅੱਗ ਚਾਰੋ ਪਾਸੇ ਫੈਲ ਗਈ ਹੈ। ਜੰਗਲ ਬਚਾਉਣ ਲਈ ਫਾਇਰ ਬ੍ਰਿਗੇਡ ਦਿਨ ਰਾਤ ਜੁਟੇ ਹੋਏ ਹਨ ਅਤੇ ਅੱਗ ਬੁਝਾਉਣ ਲਈ ਪਾਣੀ ਦਾ ਛਿੜਕਾਅ ਕਰਨ ਵਾਲੇ ਹੈਲੀਕਾਪਟਰ ਲਗਾਏ ਗਏ ਹਨ। ਸੁਮਾਤਰਾ ਦੀ ਸੂਬਾ ਰਾਜਧਾਨੀ ਪੇਕਨਬਾਰੂ ਨੂੰ ਸੰਘਣੇ ਧੂੰਏਂ ਨੇ ਘੇਰਾ ਪਾਇਆ ਹੋਇਆ ਹੈ।
ਇਥੋਂ ਤੱਕ ਕਿ ਦੁਪਹਿਰ ਵੇਲੇ ਵੀ ਅਸਮਾਨ ਵਿਚ ਹਨੇਰਾ ਛਾਇਆ ਹੋਇਆ ਹੈ। ਇਸ ਕਾਰਨ ਸਕੂਲਾਂ ਨੂੰ ਬੰਦ ਕਰਨਾ ਪਿਆ। ਸ਼ਹਿਰ ਦੇ ਤਕਰੀਬਨ 1000 ਲੋਕਾਂ ਨੇ ਸ਼ੁੱਕਰਵਾਰ ਨੂੰ ਇਕ ਖੁੱਲੀ ਥਾਂ ਵਿਚ ਪ੍ਰਾਰਥਨਾ ਕੀਤੀ। ਇਨ੍ਹਾਂ ਵਿਚ ਜ਼ਿਆਦਾਤਰ ਲੋਕਾਂ ਨੇ ਸਫੈਦ ਮੁਸਲਿਮ ਪਹਿਰਾਵੇ ਪਹਿਨੇ ਹੋਏ ਸਨ। 57 ਸਾਲਾ ਇਕ ਰਿਟਾਇਰਡ ਨੌਕਰਸ਼ਾਹ ਰਹਿਮਾਨ ਨੇ ਕਿਹਾ ਕਿ ਮੈਂ ਤੁਰੰਤ ਮੀਂਹ ਲਈ ਪ੍ਰਾਰਥਨਾ ਕਰ ਰਿਹਾ ਹਾਂ, ਜਿਸ ਨਾਲ ਧੁੰਦ ਛੇਤੀ ਖਤਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲਾ ਮਹੀਨਾ ਬਹੁਤ ਹੀ ਖਰਾਬ ਰਿਹਾ। ਮੈਂ ਮਾਸਕ ਪਹਿਨੇ ਬਿਨਾਂ ਸਾਹ ਨਹੀਂ ਲੈ ਪਾ ਰਿਹਾ ਹਾਂ। ਮੇਰੇ ਕਈ ਗੁਆਂਢੀ ਬੀਮਾਰ ਹੋ ਗਏ ਹਨ। ਇੰਡੋਨੇਸ਼ੀਆ ਵਿਚ ਜੰਗਲ ਦੀ ਅੱਗ ਹਰ ਸਾਲ ਦੀ ਸਮੱਸਿਆ ਬਣ ਗਈ ਹੈ ਪਰ ਇਸ ਸਾਲ ਇਹ ਸਮੱਸਿਆ ਬਹੁਤ ਵੱਡੀ ਹੋ ਗਈ ਹੈ।