ਸ੍ਰੀ ਗੁਰੂ ਰਵਿਦਾਸ ਟੈਂਪਲ (ਮਨੈਰਬਿਓ) ਬਰੇਸ਼ੀਆ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ
Wednesday, Nov 16, 2022 - 11:39 AM (IST)
ਰੋਮ(ਕੈਂਥ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ (ਮਨੈਰਬਿਓ) ਬਰੇਸ਼ੀਆ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਗੁਰੂਘਰ ਮਨੈਰਬਿਓ ਵਿਚ ਮਨਾਇਆ ਗਿਆ । ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਦੇ ਮੁਖਾਰਬਿੰਦ ’ਚੋਂ ਉਚਾਰੀ ਹੋਈ ਪਾਵਨ ਅੰਮ੍ਰਿਤ ਬਾਣੀ ਜੀ ਦੇ ਅਖੰਡ ਜਾਪ ਦੇ ਭੋਗ ਗੁਰੂਘਰ ਦੇ ਵਜ਼ੀਰ ਕੇਵਲ ਕ੍ਰਿਸ਼ਨ ਅਤੇ ਬੀਬੀ ਸਵਰੀਨਾ ਕਲਸੀ ਵੱਲੋਂ ਪਾਏ ਗਏ ਤੇ ਸਟੇਜ ਦੀ ਕਾਰਵਾਈ ਨੂੰ ਦੀਪਕ ਪਾਲ ਨੇ ਬੜੇ ਬਾਖੂਬੀ ਢੰਗ ਨਾਲ ਨਿਭਾਇਆ।
ਗੁਰੂਘਰ ਦੇ ਮੁੱਖ ਸੇਵਾਦਾਰ ਅਮਰੀਕ ਲਾਲ ਦੌਲੀਕੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਰਬਾਰ ਵਿਚ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਜੋ ਆਪਸੀ ਪਿਆਰ ਦਾ ਸੁਨੇਹਾ ਸਮੁੱਚੀ ਮਾਨਵਤਾ ਨੂੰ ਦਿੰਦਿਆਂ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪਣ ਦਾ ਉਪਦੇਸ਼ ਦਿੱਤਾ, ਉਸ ਉਪੱਰ ਚੱਲਣ ਦੀ ਸਭ ਨੂੰ ਸਖ਼ਤ ਲੋੜ ਹੈ। ਉਸ ਨਾਲ ਇਨਸਾਨ ਆਪਣਾ ਆਵਾਗਵਨ ਦਾ ਸਫ਼ਰ ਸੁਹੇਲਾ ਕਰ ਸਕਦਾ ਹੈ। ਇਸ ਮੌਕੇ ਸਜੇ ਧਾਰਮਿਕ ਦੀਵਾਨਾਂ ’ਚ ਬੀਬੀ ਭੁਪਿੰਦਰ ਕੌਰ ਵਿਚੈਂਸਾ ਵਾਲਿਆਂ ਦੇ ਕੀਰਤਨੀ ਜਥੇ ਨੇ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਗੁਰੂ ਘਰ ਦੇ ਬੀਬੀਆਂ ਦੇ ਕੀਰਤਨੀ ਜਥੇ ਬੀਬੀ ਕਮਲਜੀਤ ਕੌਰ, ਬੀਬੀ ਬਲਜਿੰਦਰ ਕੌਰ, ਬੀਬੀ ਦਲਵੀਰ ਕੌਰ, ਬੀਬੀ ਜਸਵਿੰਦਰ ਕੌਰ, ਰਮਾਦੈਲੋ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾ ਦੇ ਸ਼ਬਦ ਗਾਇਨ ਕੀਤੇ। ਕੁਮਾਰ ਇਟਲੀ ਨੇ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾ ਸ਼ਬਦ ਗਾਇਨ ਕਰਕੇ ਹਾਜ਼ਰੀ ਲਗਵਾਈ। ਭਾਰਤ ਰਤਨ ਡਾ. ਬੀ ਆਰ. ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਇਟਲੀ ਦੇ ਚੇਅਰਮੈਨ ਸਰਬਜੀਤ ਵਿਰਕ, ਭਗਵਾਨ ਵਾਲਮੀਕਿ ਸਭਾ ਬਰੈਸ਼ੀਆ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤਿ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਬਲਵਿੰਦਰ ਕੁਮਾਰ ਵਿੰਦਰ ਜੀ ਨੇ ਰਮਾਦੈਲੋ ਦੀ ਸਮੂਹ ਸੰਗਤਾਂ ਨਾਲ ਹਾਜ਼ਰੀ ਲਗਵਾਈ। ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਗਿਆ । ਉਪਰੰਤ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਗੁਰਪੂਰਬ ਸਮਾਰੋਹ ਮੌਕੇ ਬਲਵੀਰ ਮਾਹੀ, ਜਸਵਿੰਦਰ ਜੱਸੀ, ਭੁਪਿੰਦਰ ਕੁਮਾਰ, ਸੁਰਿੰਦਰ ਕਲੇਰ, ਪਰਮਜੀਤ ਗੋਜਰਾ, ਅਨਿਲ ਕੁਮਾਰ, ਰਛਪਾਲ ਪਾਲੋ ਆਦਿ ਸੇਵਾਦਾਰ ਮੌਜੂਦ ਸਨ।