ਕਿਊਬਾ ''ਚ ਤੂਫ਼ਾਨ ''ਇਆਨ'' ਕਾਰਨ ਬਿਜਲੀ ਸੰਕਟ
Wednesday, Sep 28, 2022 - 01:40 PM (IST)
ਹਵਾਨਾ (ਵਾਰਤਾ)- ਕਿਊਬਾ 'ਚ ਚੱਕਰਵਾਤੀ ਤੂਫ਼ਾਨ 'ਇਆਨ' ਦੇ ਆਉਣ ਤੋਂ ਬਾਅਦ ਪੂਰਾ ਦੇਸ਼ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਬੀਬੀਸੀ ਨੇ ਬੁੱਧਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਬੀਬੀਸੀ ਨੇ ਦੱਸਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਮੁੱਖ ਪਾਵਰ ਪਲਾਂਟਾਂ ਵਿੱਚੋਂ ਇੱਕ ਨੂੰ ਠੀਕ ਨਹੀਂ ਕੀਤਾ ਜਾ ਸਕਿਆ ਹੈ, ਜਿਸ ਕਾਰਨ ਦੇਸ਼ ਦੀ ਬਿਜਲੀ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ।
ਇਸ ਦੌਰਾਨ ਤੂਫ਼ਾਨ ਕਾਰਨ 2 ਲੋਕਾਂ ਦੇ ਮਾਰੇ ਜਾਣ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਹੈ। ਬੀਬੀਸੀ ਨੇ ਕਿਹਾ ਕਿ ਸ਼੍ਰੇਣੀ 3 ਦਾ ਤੂਫ਼ਾਨ 195 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਿਊਬਾ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਹੁਣ ਅਮਰੀਕਾ ਦੇ ਫਲੋਰਿਡਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕਿਊਬਾ ਦੇ ਸਰਕਾਰੀ ਟੈਲੀਵਿਜ਼ਨ 'ਤੇ ਇਲੈਕਟ੍ਰਿਕ ਐਨਰਜੀ ਅਥਾਰਟੀ ਦੇ ਮੁਖੀ ਨੇ ਮੰਗਲਵਾਰ ਨੂੰ ਕਿਹਾ, "ਰਾਸ਼ਟਰੀ ਬਿਜਲੀ ਪ੍ਰਣਾਲੀ ਵਿੱਚ ਖ਼ਰਾਬੀ ਕਾਰਨ ਪੂਰਾ ਟਾਪੂ ਬਲੈਕਆਊਟ ਹੋ ਗਿਆ ਹੈ, ਜਿਸ ਕਾਰਨ 1 ਕਰੋੜ ਤੋਂ ਵਧੇਰੇ ਲੋਕ ਹਨੇਰੇ ਵਿੱਚ ਹਨ।"