ਵੈਟੀਕਨ ਸਿਟੀ 'ਚ ਅੱਜ ਪੋਪ ਫ੍ਰਾਂਸਿਸ ਦਾ ਅੰਤਿਮ ਸੰਸਕਾਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤੀ ਸ਼ਰਧਾਂਜਲੀ
Saturday, Apr 26, 2025 - 10:06 AM (IST)

ਵੈਟੀਕਨ ਸਿਟੀ (ਭਾਸ਼ਾ): ਕੈਥੋਲਿਕ ਚਰਚ ਦੇ ਸਭ ਤੋਂ ਮਹਾਨ ਧਾਰਮਿਕ ਆਗੂ ਪੋਪ ਫ੍ਰਾਂਸਿਸ ਦੀ ਮੌਤ 'ਤੇ ਦੁਨੀਆ ਸੋਗ ਮਨਾ ਰਹੀ ਹੈ। ਪੋਪ ਦਾ ਅੰਤਿਮ ਸੰਸਕਾਰ ਅੱਜ (26 ਅਪ੍ਰੈਲ) ਵੈਟੀਕਨ ਸਿਟੀ ਦੇ ਸੇਂਟ ਪੀਟਰ ਸਕੁਏਅਰ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਹੋਵੇਗਾ। ਇਸ ਅੰਤਿਮ ਸੰਸਕਾਰ ਸਮਾਰੋਹ 'ਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਰਾਸ਼ਟਰੀ ਪ੍ਰਧਾਨ ਵੈਟੀਕਨ ਪਹੁੰਚ ਚੁੱਕੇ ਹਨ। ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੋਪ ਫ੍ਰਾਂਸਿਸ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਵੈਟੀਕਨ ਸਿਟੀ ਵਿੱਚ ਹੈ। ਸਰਕਾਰੀ ਸੋਗ ਵਿੱਚ ਅੱਜ ਭਾਰਤੀ ਝੰਡਾ ਅੱਧਾ ਝੁਕਿਆ ਰਹੇਗਾ।
ਟਰੰਪ ਸਮੇਤ ਦੁਨੀਆ ਭਰ ਦੇ ਨੇਤਾ ਪਹੁੰਚੇ
ਵੈਟੀਕਨ ਮੁਤਾਬਕ ਪੋਪ ਫ੍ਰਾਂਸਿਸ ਦੇ ਅੰਤਿਮ ਸੰਸਕਾਰ ਸਮਾਰੋਹ 'ਚ 130 ਵਿਦੇਸ਼ੀ ਡੈਲੀਗੇਸ਼ਨ ਸ਼ਾਮਲ ਹੋਣਗੇ। ਇਨ੍ਹਾਂ ਵਿੱਚ 10 ਰਾਜ ਮੁਖੀ ਅਤੇ 10 ਸਮਰਾਟ ਸ਼ਾਮਲ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਬ੍ਰਿਟੇਨ ਦੇ ਪ੍ਰਿੰਸ ਵਿਲੀਅਮ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਡਾ ਸਿਲਵਾ ਸਮੇਤ ਕਈ ਗਲੋਬਲ ਨੇਤਾ ਅਤੇ ਪਤਵੰਤੇ ਮੌਜੂਦ ਹੋਣਗੇ। ਟਰੰਪ ਆਪਣੀ ਪਤਨੀ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਦੇ ਨਾਲ ਪਹੁੰਚੇ ਹਨ। ਪੋਪ ਫ੍ਰਾਂਸਿਸ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਉਮੀਦ ਕਰਨ ਵਾਲੇ ਹੋਰ ਵਿਦੇਸ਼ੀ ਪਤਵੰਤਿਆਂ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕਾ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਪੇਨ ਦੇ ਰਾਜਾ ਫੇਲਿਪ VI ਅਤੇ ਰਾਣੀ ਲੇਟੀਜ਼ੀਆ, ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਵੀ ਪੋਪ ਫ੍ਰਾਂਸਿਸ ਦੇ ਅੰਤਿਮ ਸੰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਪੋਪ ਫ੍ਰਾਂਸਿਸ ਦਾ ਦਿਹਾਂਤ
ਪੋਪ ਫ੍ਰਾਂਸਿਸ ਦਾ 21 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ। ਪਿਛਲੇ ਦਿਨਾਂ 'ਚ ਉਨ੍ਹਾਂ ਨੂੰ ਡਬਲ ਨਿਮੋਨੀਆ ਹੋ ਗਿਆ, ਜਿਸ ਕਾਰਨ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ। ਉਨ੍ਹਾਂ ਨੂੰ ਕਈ ਦਿਨਾਂ ਤੱਕ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਸੀ। ਹਾਲਾਂਕਿ ਉਨ੍ਹਾਂ ਦੀ 88 ਸਾਲ ਦੀ ਉਮਰ 'ਚ ਮੌਤ ਹੋ ਗਈ। ਪੋਪ ਫ੍ਰਾਂਸਿਸ ਦਾ ਅਸਲੀ ਨਾਂ ਜੋਰਜ ਮਾਰੀਓ ਬਰਗੋਗਲਿਓ ਸੀ, ਜੋ 2013 'ਚ ਪੋਪ ਬਣੇ ਸਨ।
ਭਾਰਤ ਦੇ ਰਾਸ਼ਟਰਪਤੀ ਵੈਟੀਕਨ ਸਿਟੀ ਵਿੱਚ ਦੋ ਦਿਨ ਰੁਕਣਗੇ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੋਪ ਫ੍ਰਾਂਸਿਸ ਦੇ ਅੰਤਿਮ ਸੰਸਕਾਰ ਸਮਾਰੋਹ 'ਚ ਸ਼ਾਮਲ ਹੋਣ ਲਈ ਵੈਟੀਕਨ ਸਿਟੀ ਦੇ ਦੋ ਦਿਨਾਂ ਦੌਰੇ 'ਤੇ ਹਨ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਨੇ ਵੈਟੀਕਨ ਪਹੁੰਚ ਕੇ ਸੇਂਟ ਪੀਟਰਸ ਬੇਸਿਲਿਕਾ ਵਿਖੇ ਮਰਹੂਮ ਪੋਪ ਨੂੰ ਸ਼ਰਧਾਂਜਲੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਯੁੱਧ ਦਾ ਖਤਰਾ! ਸੰਯੁਕਤ ਰਾਸ਼ਟਰ ਮੁਖੀ ਨੇ ਭਾਰਤ ਅਤੇ ਪਾਕਿਸਤਾਨ ਨੂੰ ਕੀਤੀ ਇਹ ਅਪੀਲ
ਇੰਝ ਹੁੰਦਾ ਹੈ ਪੋਪ ਦਾ ਅੰਤਿਮ ਸੰਸਕਾਰ
ਪੋਪ ਦਾ ਅੰਤਿਮ ਸੰਸਕਾਰ ਧਾਰਮਿਕ ਵਿਧੀ ਅਨੁਸਾਰ ਕੀਤਾ ਜਾਂਦਾ ਹੈ। ਕਿਸੇ ਪੋਪ ਦਾ ਸਸਕਾਰ ਨਹੀਂ ਕੀਤਾ ਜਾਂਦਾ, ਸਗੋਂ ਉਸ ਨੂੰ ਦਫ਼ਨਾਇਆ ਜਾਂਦਾ ਹੈ। ਪੋਪ ਦੇ ਸਰੀਰ ਨੂੰ ਪਵਿੱਤਰ ਕੱਪੜੇ ਪਹਿਨਾਏ ਜਾਂਦੇ ਹਨ। ਉਸ ਦੇ ਸਿਰ ਹੇਠਾਂ ਮਿੱਟੀ ਅਤੇ ਕੁਝ ਸਿੱਕੇ ਰੱਖੇ ਜਾਂਦੇ ਹਨ। ਪੋਪ ਦੀ ਦੇਹ ਨੂੰ ਤਿੰਨ ਤਾਬੂਤ ਵਿੱਚ ਰੱਖਿਆ ਜਾਂਦਾ ਹੈ। ਪਹਿਲਾ ਤਾਬੂਤ ਸਾਈਪਰਸ ਦੀ ਲੱਕੜ ਦਾ ਬਣਿਆ ਹੋਇਆ ਹੈ। ਦੂਜਾ ਲੀਡ ਦਾ ਹੈ। ਇਸ ਵਿੱਚ ਮ੍ਰਿਤਕ ਦੇਹ ਨੂੰ ਸੀਲ ਕੀਤਾ ਗਿਆ ਹੈ। ਤੀਜਾ ਤਾਬੂਤ ਓਕ ਦੀ ਲੱਕੜ ਦਾ ਬਣਿਆ ਹੋਇਆ ਹੈ। ਜੋ ਬਾਹਰੋਂ ਦਿਸਦਾ ਹੈ। ਪੋਪ ਦਾ ਅੰਤਿਮ ਸੰਸਕਾਰ ਸੇਂਟ ਪੀਟਰਜ਼ ਬੇਸਿਲਿਕਾ ਦੇ ਸਾਹਮਣੇ ਕੀਤਾ ਜਾਂਦਾ ਹੈ। ਇੱਥੇ ਦੁਨੀਆ ਭਰ ਦੇ ਪਤਵੰਤੇ, ਬਿਸ਼ਪ, ਧਾਰਮਿਕ ਨੇਤਾ ਅਤੇ ਆਮ ਲੋਕ ਪੋਪ ਨੂੰ ਸ਼ਰਧਾਂਜਲੀ ਦਿੰਦੇ ਹਨ। ਪੋਪ ਨੂੰ ਫਿਰ ਸੇਂਟ ਪੀਟਰਜ਼ ਬੇਸਿਲਿਕਾ ਦੇ ਹੇਠਾਂ ਗੁਫਾਵਾਂ ਵਿੱਚ ਦਫ਼ਨਾਇਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।