ਸਿਆਸੀ ਤੇ ਸੁਰੱਖਿਆ ਮਾਧਿਅਮਾਂ ਰਾਹੀਂ ਰੋਜ਼ਾਨਾ ਤਾਲਿਬਾਨ ਨਾਲ ਗੱਲ ਕਰ ਰਿਹੈ ਅਮਰੀਕਾ
Wednesday, Aug 25, 2021 - 11:58 AM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਸਿਆਸੀ ਅਤੇ ਸੁਰੱਖਿਆ ਮਾਧਿਅਮਾਂ ਰਾਹੀਂ ਰੋਜ਼ਾਨਾ ਤਾਲਿਬਾਨ ਨਾਲ ਗੱਲ ਕਰ ਰਿਹਾ ਹੈ ਅਤੇ ਨਾਲ ਹੀ ਉਹ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ’ਤੇ ਚਲ ਰਹੇ ਨਿਕਾਸੀ ਅਭਿਆਨ ਦੇ ਸਬੰਧ ਵਿੱਚ ਆਪਣੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਤੋਂ ਵੀ ਵਿਚਾਰ-ਵਟਾਂਦਰਾ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਜੈਕ ਸੁਲਿਵਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਮਰੀਕਾ ਤਾਲਿਬਾਨ ’ਤੇ ਭਰੋਸਾ ਨਹੀਂ ਕਰਦਾ ਹੈ।
ਇਹ ਪੁੱਛੇ ਜਾਣ ’ਤੇ ਕਿ ਕੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਤਾਲਿਬਾਨੀ ਅਗਵਾਈ ਨਾਲ ਗੱਲ ਕਰਨ ਦੀ ਸੰਭਾਵਨਾ ਹੈ, ਸੁਲਿਵਨ ਨੇ ਕਿਹਾ ਕਿ ਅਜੇ ਇਸ ਸਬੰਧੀ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ ਹੈ। ਸੁਲਿਵਨ ਨੇ ਕਿਹਾ ਕਿ ਕਾਬੁਲ ਵਿਚ ਇਸ ਸਮੇਂ ਕੀ ਚਲ ਰਿਹਾ ਹੈ ਕਿ ਹਵਾਈ ਅੱਡੇ ’ਤੇ ਕੀ ਹਾਲਾਤ ਹਨ, ਇਸ ਤੋਂ ਇਲਾਵਾ ਅਮਰੀਕੀ ਨਾਗਰਿਕਾਂ, ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਹਵਾਈ ਅੱਡੇ ਤੱਕ ਸੁਰੱਖਿਅਤ ਪਹੁੰਚਾਉਣਾ ਯਕੀਨੀ ਕਰਨ ਸਮੇਤ ਸਾਰੇ ਪਹਿਲੂਆਂ ’ਤੇ ਤਾਲਿਬਾਨ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।