ਆਸਟ੍ਰੇਲੀਅਨ ਔਰਤ ਦੇ ਪਰਿਵਾਰ ਨੂੰ US ਦੀ ਪੁਲਸ ਦੇਵੇਗੀ ਕਰੋੜਾਂ ਦਾ ਹਰਜਾਨਾ

05/07/2019 12:26:23 PM

ਵਾਸ਼ਿੰਗਟਨ/ ਸਿਡਨੀ— ਅਮਰੀਕਾ ਦੇ ਮਿਨਿਆਪੋਲਿਸ ਸ਼ਹਿਰ ਦੀ ਪੁਲਸ ਨੇ 2017 'ਚ ਆਸਟ੍ਰੇਲੀਆਈ ਮਹਿਲਾ ਜਸਟਿਨ ਰੂਸਜਾਈਕ ਡਾਇਮੰਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹੁਣ ਪੁਲਸ ਵਿਭਾਗ ਨੇ ਔਰਤ ਦੇ ਪਰਿਵਾਰ ਨੂੰ 20 ਮਿਲੀਅਨ ਡਾਲਰ (ਤਕਰੀਬਨ 138 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਹੈ।

 

ਗੋਲੀ ਮਾਰਨ ਵਾਲੇ ਪੁਲਸ ਅਫਸਰ ਮੁਹੰਮਦ ਨੂਰ (33) ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਘਟਨਾ 15 ਜੁਲਾਈ 2017 ਦੀ ਹੈ। ਜਸਟਿਨ ਨੂਰ ਦੀ ਪੈਟ੍ਰੋਲਿੰਗ ਕਾਰ ਕੋਲ ਜਾਣਾ ਚਾਹੁੰਦੀ ਸੀ। ਉਨ੍ਹਾਂ ਨੂੰ ਰਿਪੋਰਟ ਕੀਤੀ ਸੀ ਕਿ ਉਸ ਦੇ ਘਰ ਦੇ ਪਿੱਛੇ ਗਲਤ ਕੰਮ ਹੋਇਆ ਹੈ। ਜਿਸ ਸਮੇਂ ਨੂਰ ਨੇ ਜਸਟਿਨ ਨੂੰ ਗੋਲੀ ਮਾਰੀ ਤਾਂ ਉਸ ਕੋਲ ਕੋਈ ਹਥਿਆਰ ਵੀ ਨਹੀਂ ਸੀ। 

ਪਰਿਵਾਰ 14 ਕਰੋੜ ਰੁਪਏ ਕਰੇਗਾ ਦਾਨ—
ਉੱਥੇ ਹੀ ਜਸਟਿਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੰਦੂਕ ਕਾਰਨ ਹੋਈ ਹਿੰਸਾ ਦੇ ਮਾਮਲੇ 'ਚ ਲੜਨ ਲਈ ਉਹ 2 ਮਿਲੀਅਨ ਡਾਲਰ ਭਾਵ 14 ਕਰੋੜ ਰੁਪਏ ਦਾਨ ਕਰਨਗੇ। ਮਿਨਿਆਪੋਲਿਸ ਦੇ ਮੇਅਰ ਜੈਕਬ ਫ੍ਰੇ ਨੇ ਕਿਹਾ ਕਿ ਮੁਆਵਜ਼ੇ ਦੇ ਤੌਰ 'ਤੇ ਹੁਣ ਤਕ ਇੰਨੇ ਪੈਸੇ ਕਿਸੇ ਨੂੰ ਨਹੀਂ ਦਿੱਤੇ ਹਨ। ਇਹ ਕਿਸੇ ਦੇ ਲਈ ਜਿੱਤ ਨਹੀਂ ਹੈ ਬਲਕਿ ਸਾਡੇ ਸ਼ਹਿਰ ਲਈ ਅੱਗੇ ਵਧਣ ਦਾ ਇਕ ਤਰੀਕਾ ਹੈ। ਜਸਟਿਨ ਦੇ ਅਟਾਰਨੀ ਨੇ ਕਿਹਾ ਕਿ ਮੁਆਵਜ਼ੇ ਦੀ ਰਕਮ ਨੂੰ ਲੈ ਕੇ ਪਰਿਵਾਰ ਨੇ ਵੀ ਸੰਤੁਸ਼ਟੀ ਪ੍ਰਗਟਾਈ ਹੈ। ਸਿਡਨੀ 'ਚ ਰਹਿਣ ਵਾਲੀ ਜਸਟਿਨ ਯੋਗਾ ਦੀ ਟੀਚਰ ਸੀ। ਉਸ ਕੋਲ ਅਮਰੀਕਾ ਤੇ ਆਸਟ੍ਰੇਲੀਆ ਦੋਹਾਂ ਦੇਸ਼ਾਂ ਦੀ ਨਾਗਰਿਕਤਾ ਸੀ। 

ਹੱਤਿਆ ਦਾ ਦੋਸ਼ੀ ਪਹਿਲਾ ਪੁਲਸ ਅਫਸਰ—
ਮੁਹੰਮਦ ਨੂਰ ਮਿਨਿਆਪੋਲਿਸ ਦਾ ਪਹਿਲਾ ਅਜਿਹਾ ਅਫਸਰ ਹੈ, ਜਿਸ ਨੂੰ ਡਿਊਟੀ ਦੌਰਾਨ ਗੋਲੀ ਚਲਾ ਕੇ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਜਸਟਿਨ ਨੇ ਫੋਨ 'ਤੇ ਪੁਲਸ ਨੂੰ ਬੁਲਾਇਆ ਸੀ। ਨੂਰ ਨੇ ਅਦਾਲਤ 'ਚ ਕਿਹਾ ਕਿ ਖਤਰੇ ਦਾ ਖਦਸ਼ਾ ਹੋਣ ਕਾਰਨ ਉਸ ਨੇ ਗੋਲੀ ਚਲਾਈ ਸੀ।


Related News