ਕੈਨੇਡਾ: ਗਰਭਵਤੀ ਪੰਜਾਬਣ ਬਰੈਂਪਟਨ ਤੋਂ ਲਾਪਤਾ, ਭਾਲ ''ਚ ਲੱਗੀ ਪੀਲ ਪੁਲਸ
Wednesday, Aug 21, 2019 - 08:48 PM (IST)

ਬਰੈਂਪਟਨ— ਬਰੈਂਪਟਨ 'ਚ ਇਕ ਪੰਜਾਬਣ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ, ਜਿਸ ਦੀ ਭਾਲ 'ਚ ਪੀਲ ਪੁਲਸ ਬੀਤੇ 24 ਘੰਟਿਆਂ ਤੋਂ ਲੱਗੀ ਹੋਈ ਹੈ। ਪੀਲ ਪੁਲਸ ਵਲੋਂ ਇਸ ਸਬੰਧੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ 34 ਸਾਲਾ ਬਰਿੰਦਰ ਕੌਰ ਸੋਮਵਾਰ ਤੋਂ ਲਾਪਤਾ ਹੈ ਤੇ ਉਸ ਨੂੰ ਆਖਰੀ ਵਾਰ ਬਰੈਂਪਟਨ ਦੀ ਬ੍ਰਾਮਲੇ ਤੇ ਬਲੈਕ ਫਾਰੈਸਟ ਡਰਾਈਵ ਦੇ ਇਲਾਕੇ 'ਚ ਦੁਪਹਿਰੇ ਇਕ ਵਜੇ ਦੇਖਿਆ ਗਿਆ ਸੀ।
ਪੁਲਸ ਵਲੋਂ ਦਿੱਤੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਬਰਿੰਦਰ ਕੌਰ 8 ਮਹੀਨੇ ਦੀ ਗਰਭਵਤੀ ਹੈ। ਔਰਤ ਦੀ ਪਛਾਣ ਦੱਸਦਿਆਂ ਪੁਲਸ ਨੇ ਕਿਹਾ ਕਿ ਲਾਪਤਾ ਹੋਈ ਕੌਰ ਦਾ ਕੱਦ 5 ਫੁੱਟ 1 ਇੰਚ ਹੈ ਤੇ ਭਰ 165 ਪੌਂਡ ਦੇ ਕਰੀਬ ਹੈ। ਕੌਰ ਦੀਆਂ ਭੂਰੀਆਂ ਅੱਖਾਂ, ਕਾਲੇ ਲੰਬੇ ਸਿੱਧੇ ਵਾਲ ਹਨ। ਪੁਲਸ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਬਹੁਤ ਗੰਭੀਰ ਹੈ ਕਿਉਂਕਿ ਔਰਤ ਦੇ ਪੇਟ 'ਚ ਇਕ ਹੋਰ ਮਾਸੂਮ ਹੈ। ਪੁਲਸ ਨੇ ਕਿਹਾ ਕਿ ਜੇਕਰ ਇਸ ਸਬੰਧੀ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰੇ।