ਸਕੂਲਾਂ ''ਚ ਪੁਲਸ ''ਤੇ ਪਾਬੰਦੀ ਲਈ ਵੈਨਕੁਵਰ ਟੀਚਰਾਂ ਵੱਲੋਂ ਮਤਾ ਪਾਸ

06/18/2020 9:21:52 PM

ਵਿਕਟੋਰੀਆ— ਕੈਨੇਡਾ 'ਚ ਮੌਜੂਦਾ ਪੁਲਸ ਪ੍ਰਣਾਲੀ ਖਿਲਾਫ ਤੇਜ਼ੀ ਨਾਲ ਆਵਾਜ਼ ਉੱਠ ਰਹੀ ਹੈ। ਹੁਣ ਸਕੂਲ ਸਮਾਗਮਾਂ 'ਚ ਵੈਨਕੁਵਰ ਪੁਲਸ ਤੇ ਆਰ. ਸੀ. ਐੱਮ. ਪੀ. ਅਧਿਕਾਰੀਆਂ ਦੇ ਸ਼ਾਮਲ ਹੋਣ 'ਤੇ ਰੋਕ ਲਾਉਣ ਲਈ 'ਵੈਨਕੁਵਰ ਐਲੀਮੈਂਟਰੀ ਟੀਚਰਜ਼ ਐਸੋਸੀਏਸ਼ਨ (ਵੈਸਟਾ)' ਨੇ ਇਕ ਪ੍ਰਸਤਾਵ ਪਾਸ ਕੀਤਾ ਹੈ।

ਇਸ ਦੇ ਨਾਲ ਹੀ ਵੈਸਟਾ ਨੇ ਸੰਗਠਨ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਸਮਾਗਮਾਂ 'ਚ ਹਿੱਸਾ ਨਾ ਲੈਣ ਜਿੱਥੇ ਪੁਲਸ ਵਾਲੇ ਸੱਦੇ ਗਏ ਹੋਣ। ਸੰਗਠਨ ਨੇ ਕਿਹਾ ਕਿ ਜਦੋਂ ਤੱਕ ਪੁਲਸ ਰੰਗ ਭੇਦੀ ਨਸਲਵਾਦੀ ਤੇ ਸਥਾਨਕ ਲੋਕਾਂ ਨਾਲ ਵਿਵਹਾਰ ਬਦਲਣ ਲਈ ਸਪੱਸ਼ਟ ਕਦਮ ਨਹੀਂ ਚੁੱਕਦੀ ਉਦੋਂ ਤੱਕ ਇਹ ਮੁਹਿੰਮ ਚੱਲੇਗੀ।

ਸੰਗਠਨ ਨੇ ਕਿਹਾ ਕਿ ਉਹ ਸਵੀਕਾਰ ਕਰਦਾ ਹੈ ਕਿ ਇਹ ਨਸਲਵਾਦ ਕੋਈ ਨਵਾਂ ਨਹੀਂ ਹੈ ਪਰ ਹਾਲ ਹੀ ਦੀਆਂ ਘਟਨਾਵਾਂ ਕਾਰਨ ਹੁਣ ਸਿਸਟਮ 'ਚ ਸੁਧਾਰ ਦੀ ਜ਼ਰੂਰਤ ਹੈ। ਟੀਚਰ ਸੰਗਠਨ ਦੇ ਇਸ ਕਦਮ 'ਤੇ ਵੈਨਕੁਵਰ ਸਕੂਲ ਬੋਰਡ ਨੇ ਕਿਹਾ ਕਿ ਉਹ ਇਸ ਪ੍ਰਸਤਾਵ ਤੋਂ ਵਾਕਿਫ ਹੈ।
ਵੈਨਕੁਵਰ ਪੁਲਸ ਵਿਭਾਗ ਨੇ ਕਿਹਾ ਕਿ ਉਹ ਸੰਗਠਨ ਦੇ ਇਸ ਕਦਮ 'ਤੇ ਕੋਈ ਟਿੱਪਣੀ ਨਹੀਂ ਕਰ ਸਕਦਾ। ਉੱਥੇ ਹੀ, ਬੀ. ਸੀ. ਰਾਇਲ ਕੈਨੇਡੀਅਨ ਮਾਊਂਟਡ ਪੁਲਸ (ਆਰ. ਸੀ. ਐੱਮ. ਪੀ.) ਦੇ ਇਕ ਬੁਲਾਰੇ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਨਹੀਂ ਪਤਾ ਤੇ ਇਸ ਲਈ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ। ਇਸ ਵਿਚਕਾਰ ਸਿੱਖਿਆ ਮੰਤਰਾਲਾ ਨੇ ਵੀ ਕਿਹਾ ਕਿ ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ ਨਸਲਵਾਦ, ਵਿਤਕਰੇ ਤੇ ਅਸਹਿਣਸ਼ੀਲਤਾ ਦੀ ਕੋਈ ਜਗ੍ਹਾ ਨਹੀਂ ਹੈ।


Sanjeev

Content Editor

Related News