ਆਸਟ੍ਰੇਲੀਆ : ਪੁਲਸ ਅਧਿਕਾਰੀ ਨੇ ਨਦੀ ''ਚ ਫਸੇ 11 ਸਾਲਾ ਮੁੰਡਿਆਂ ਦੀ ਬਚਾਈ ਜਾਨ, ਹੋ ਰਹੀ ਤਾਰੀਫ਼
Sunday, Nov 21, 2021 - 01:22 PM (IST)
ਸਿਡਨੀ (ਬਿਊਰੋ): ਮੱਧ ਪੱਛਮੀ ਨਿਊ ਸਾਊਥ ਵੇਲਜ਼ ਵਿੱਚ ਇੱਕ ਹੜ੍ਹ ਪ੍ਰਭਾਵਿਤ ਨਦੀ ਵਿੱਚੋਂ ਦੋ ਮੁੰਡਿਆਂ ਨੂੰ ਬਚਾਉਣ ਤੋਂ ਬਾਅਦ ਇੱਕ ਪੁਲਸ ਸਾਰਜੈਂਟ ਦੀ ਉਸ ਦੀ ਬਹਾਦਰੀ ਲਈ ਸ਼ਲਾਘਾ ਕੀਤੀ ਜਾ ਰਹੀ ਹੈ। ਅਸਲ ਵਿਚ 11 ਸਾਲ ਦੇ ਮੁੰਡਿਆਂ ਨੇ ਕੱਲ੍ਹ ਦੁਪਹਿਰ ਕੋਂਡੋਬਲਿਨ ਨੇੜੇ ਲਚਲਾਨ ਨਦੀ ਵਿੱਚ ਤੈਰਨ ਲਈ ਛਾਲ ਮਾਰੀ ਸੀ ਪਰ ਪਾਣੀ ਦੀ ਤੇਜ਼ ਗਤੀ ਕਾਰਨ ਦੋਵੇਂ ਕਰੀਬ 60 ਮੀਟਰ ਦੂਰ ਤੱਕ ਵਹਿ ਗਏ। ਚੰਗੀ ਕਿਸਮਤ ਨਾਲ ਮੁੰਡੇ ਨਦੀ ਦੇ ਵਿਚਕਾਰ ਲੱਕੜ ਨਾਲ ਜੁੜੀ ਇੱਕ ਰੱਸੀ ਨੂੰ ਫੜਨ ਵਿੱਚ ਕਾਮਯਾਬ ਹੋ ਗਏ। ਇਸ ਮਗਰੋਂ ਸਥਾਨਕ ਕੈਰਾਵੈਨ ਪਾਰਕ ਵਿੱਚ ਕੁਝ ਨੇੜਲੇ ਕੈਂਪਰਾਂ ਨੂੰ ਮਦਦ ਲਈ ਬੁਲਾਇਆ ਗਿਆ।
ਫੋਨ 'ਤੇ ਜਾਣਕਾਰੀ ਮਿਲਦੇ ਹੀ SES ਅਤੇ ਪੇਂਡੂ ਫਾਇਰ ਸਰਵਿਸ ਦੇ ਮੈਂਬਰਾਂ ਦੇ ਨਾਲ ਕੇਂਦਰੀ ਪੱਛਮੀ ਪੁਲਸ ਜ਼ਿਲ੍ਹੇ ਦੇ ਅਧਿਕਾਰੀ ਪਹੁੰਚੇ।ਐਸਈਐਸ ਕੰਡੋਬਲਿਨ ਯੂਨਿਟ ਕਮਾਂਡਰ ਸੂਜ਼ਨ ਬੇਨੇਟ ਨੇ ਕਿਹਾ ਕਿ ਪੁਲਸ ਅਤੇ ਐਸਈਐਸ ਚਾਰ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਘਟਨਾ ਸਥਾਨ 'ਤੇ ਪਹੁੰਚ ਗਏ।ਉਹਨਾਂ ਨੇ ਦੱਸਿਆ,"ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਦੋ ਨੌਜਵਾਨ ਮੁੰਡੇ ਤੇਜ਼ ਵਹਿ ਰਹੇ ਪਾਣੀ ਦੇ ਵਿਚਕਾਰ ਇੱਕ ਰੱਸੀ 'ਤੇ ਲਟਕਦੇ ਹੋਏ ਮਿਲੇ।'' ਅਧਿਕਾਰੀਆਂ ਨੂੰ ਦੇਖ ਕੇ ਮੁੰਡਿਆਂ ਕਿਹਾ ਕਿ ਉਹ ਹੋਰ ਜ਼ਿਆਦਾ ਦੇਰ ਰੱਸੀ ਨੂੰ ਫੜ ਕੇ ਨਹੀਂ ਰੱਖ ਸਕਦੇ। ਇਸ ਮਗਰੋਂ ਇੱਕ ਲਾਈਫ ਜੈਕੇਟ ਅਤੇ ਇੱਕ ਫਲੋਟੇਸ਼ਨ ਯੰਤਰ ਨਾਲ ਲੈਸ ਸਾਰਜੈਂਟ ਜੋਏਲ ਹੰਟਰ ਤੈਰ ਕੇ ਬੱਚਿਆਂ ਤੱਕ ਪਹੁੰਚਿਆ ਅਤੇ ਦੋਵਾਂ ਮੁੰਡਿਆਂ ਨੂੰ ਨਦੀ ਕਿਨਾਰੇ ਵਾਪਸ ਲਿਆਇਆ।
ਪੜ੍ਹੋ ਇਹ ਅਹਿਮ ਖਬਰ -ਬ੍ਰਿਟਿਸ਼ ਪੀ.ਐੱਮ. ਜਾਨਸਨ ਦਾ ਵੱਡਾ ਬਿਆਨ, ਤਾਲਿਬਾਨ ਨਾਲ ਮਿਲ ਕੇ ਕੰਮ ਕਰਨ ਦੀ ਕਹੀ ਗੱਲ
ਓਰੇਂਜ ਪੁਲਸ ਸਟੇਸ਼ਨ ਦੇ ਇੰਚਾਰਜ ਚੀਫ਼ ਇੰਸਪੈਕਟਰ ਪੀਟਰ ਐਟਕਿੰਸ ਨੇ ਕਿਹਾ ਕਿ ਉਹ ਬਹਾਦਰੀ ਪੁਰਸਕਾਰ ਲਈ ਸਾਰਜੈਂਟ ਹੰਟਰ ਦਾ ਨਾਮ ਭੇਜਣਗੇ।ਚੀਫ਼ ਇੰਸਪੈਕਟਰ ਐਟਕਿੰਸ ਨੇ ਕਿਹਾ,"ਤੇਜ਼ ਰਫ਼ਤਾਰ ਨਦੀ ਵਿੱਚ ਇਹਨਾਂ ਦੋ ਮੁੰਡਿਆਂ ਨੂੰ ਬਚਾਉਣ ਵਿੱਚ ਸਾਰਜੈਂਟ ਹੰਟਰ ਦੇ ਬਹਾਦਰੀ ਭਰੇ ਯਤਨਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।"ਐਟਕਿੰਸ ਨੇ ਕਿਹਾ ਕਿ ਜੇਕਰ ਸਾਡੀ ਪੁਲਸ ਵੱਲੋਂ ਤੇਜ਼ ਸੋਚ ਅਤੇ ਦਲੇਰੀ ਨਾਲ ਜਵਾਬ ਨਾ ਦਿੱਤਾ ਗਿਆ ਹੁੰਦਾ ਤਾਂ ਨਤੀਜਾ ਇਹਨਾਂ ਦੋਨਾਂ ਮੁੰਡਿਆਂ ਦੇ ਪਰਿਵਾਰਾਂ ਲਈ ਦੁਖਦਾਈ ਹੋ ਸਕਦਾ ਸੀ। ਐਟਕਿੰਸ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਨਦੀਆਂ ਵਿੱਚ ਤੈਰਾਕੀ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਹਾਲਾਤ ਅਣ-ਅਨੁਮਾਨਿਤ, ਬਦਲਣਯੋਗ ਅਤੇ ਅਕਸਰ ਖਤਰਨਾਕ ਹੁੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ’ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਕਮਲਾ ਹੈਰਿਸ