ਪੁਲਸ ਅਧਿਕਾਰੀ ਨੇ ਚਾਲੂ ਨਾ ਕੀਤਾ ਬਾਡੀ ਕੈਮਰਾ, ਓਹੀਓ ਮੇਅਰ ਨੇ ਨੌਕਰੀ ਤੋਂ ਕੱਢਣ ਦੀ ਕੀਤੀ ਮੰਗ

12/24/2020 9:05:06 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸੂਬੇ ਓਹੀਓ ਵਿਚ ਪੁਲਸ ਦੁਆਰਾ ਇਕ ਵਿਅਕਤੀ ਨੂੰ ਗੋਲੀ ਮਾਰਨ ਦੌਰਾਨ ਕੈਮਰੇ ਦੇ ਬੰਦ ਹੋਣ ਕਾਰਨ ਇਕ ਅਧਿਕਾਰੀ ਨੂੰ ਆਪਣੀ ਨੌਕਰੀ ਗਵਾਉਣੀ ਪੈ ਸਕਦੀ ਹੈ। ਇਸ ਮਾਮਲੇ ਵਿਚ ਓਹੀਓ ਦੇ ਕੋਲੰਬਸ ਵਿਚ ਪੁਲਸ ਨੇ ਮੰਗਲਵਾਰ ਸਵੇਰੇ ਇਕ ਨਿਹੱਥੇ ਕਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਪਰ ਇਸ ਕਾਰਵਾਈ ਦੌਰਾਨ ਉਨ੍ਹਾਂ ਨੇ ਆਪਣੇ ਕੋਲ ਪ੍ਰਾਪਤ ਸਾਧਨਾਂ ਦੇ ਰੂਪ ਵਜੋਂ ਸਰੀਰ ਦੇ ਕੈਮਰੇ ਚਾਲੂ ਨਹੀਂ ਕੀਤੇ ਸਨ, ਜਿਸ ਕਾਰਨ ਮੇਅਰ ਨੇ ਗੋਲੀ ਚਲਾਉਣ ਵਾਲੇ ਅਧਿਕਾਰੀ ਨੂੰ ਨੌਕਰੀ ਤੋਂ ਹਟਾਉਣ ਦੀ ਮੰਗ ਕੀਤੀ ਹੈ। ਮੇਅਰ ਐਂਡਰਿਊ ਗਿੰਥਰ ਅਨੁਸਾਰ ਉਹ ਇਸ ਗੱਲ ਤੋਂ ਬਹੁਤ ਪ੍ਰੇਸ਼ਾਨ ਹਨ ਕਿ ਇਸ ਘਟਨਾ ਦੌਰਾਨ ਕੈਮਰੇ ਰਿਕਾਰਡਿੰਗ ਨਹੀਂ ਕਰ ਰਹੇ ਸਨ ।

ਮੇਅਰ ਨੇ ਇਸ ਸੰਬੰਧੀ ਪੁਲਸ ਵਿਭਾਗ ਨੂੰ ਝਾੜ ਪਾਉਂਦਿਆਂ ਕਿਹਾ ਕਿ ਜੇਕਰ ਅਧਿਕਾਰੀ ਆਪਣੇ ਸਰੀਰ ਨਾਲ ਬੰਨ੍ਹੇ ਕੈਮਰੇ ਨੂੰ ਚਾਲੂ ਨਹੀਂ ਕਰਦੇ ਤਾਂ ਤੁਸੀਂ ਉਹ ਕੋਲੰਬਸ ਦੇ ਲੋਕਾਂ ਦੀ ਸੇਵਾ ਅਤੇ ਰੱਖਿਆ ਵੀ ਨਹੀਂ ਕਰ ਸਕਦੇ ਅਤੇ ਗਿੰਥਰ ਨੇ ਪੁਲਸ ਚੀਫ਼ ਕੁਇਨਲਾਨ ਨੂੰ ਗੋਲੀ ਚਲਾਉਣ ਵਾਲੇ ਅਧਿਕਾਰੀ ਨੂੰ ਨੌਕਰੀ ਤੋਂ ਫਾਰਗ ਕਰਕੇ ਉਸ ਦੇ ਬੈਜ ਅਤੇ ਬੰਦੂਕ ਲੈਣ ਬਾਰੇ ਕਿਹਾ ਹੈ। 

ਅਧਿਕਾਰੀਆਂ ਵਲੋਂ ਇਹ ਗੋਲੀਬਾਰੀ ਓਬਰਲਿਨ ਡਰਾਈਵ ਦੇ 1000 ਬਲਾਕ ਵਿਚ 23 ਸਾਲਾ ਬਲੈਕ ਮੈਨ ਕੈਸੀ ਗੁੱਡਸਨ ਨੂੰ ਅਧਿਕਾਰੀਆਂ ਦੁਆਰਾ ਗੋਲੀ ਮਾਰਨ ਤੋਂ ਦੋ ਹਫ਼ਤਿਆਂ ਬਾਅਦ ਵਾਪਰੀ ਹੈ।ਇਸ ਘਟਨਾ ਵਿਚ ਦੋ ਕਾਰਾਂ ਵਿਚ ਸਵਾਰ ਦੋ ਅਧਿਕਾਰੀਆਂ ਵਲੋਂ ਮੰਗਲਵਾਰ ਨੂੰ ਸਵੇਰੇ 11 ਵਜੇ ਗੱਡੀ ਸੰਬੰਧੀ ਹੋਏ ਝਗੜੇ ਦੀ ਸੂਚਨਾ ਮਿਲਣ 'ਤੇ ਕਾਰਵਾਈ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੂੰ ਇਕ ਗੈਰੇਜ ਵਿਚ 47 ਸਾਲਾ ਵਿਅਕਤੀ ਮਿਲਿਆ ।

ਪੁਲਸ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਡੀ ਕੈਮਰੇ ਦੀ ਫੁਟੇਜ ਦੇ ਅਧਾਰ 'ਤੇ ਪੀੜਤ ਆਪਣੇ ਖੱਬੇ ਹੱਥ ਵਿਚ ਸੈਲ ਫ਼ੋਨ ਲੈ ਕੇ ਇੱਕ ਅਫਸਰ ਵੱਲ ਜਾ ਰਿਹਾ ਸੀ ਤਾਂ ਇਕ ਅਧਿਕਾਰੀ ਨੇ ਉਸ ਵਿਅਕਤੀ 'ਤੇ ਗੋਲੀ ਚਲਾ ਦਿੱਤੀ, ਜਿਸ ਦੀ ਕਿ ਇੱਕ ਘੰਟੇ ਬਾਅਦ ਉਸ ਦੀ ਰਿਵਰਸਾਈਡ ਹਸਪਤਾਲ ਵਿਚ ਮੌਤ ਹੋ ਗਈ ਸੀ। ਪੁਲਸ ਵਲੋਂ ਮ੍ਰਿਤਕ ਅਤੇ ਇਸ ਘਟਨਾ ਵਿੱਚ ਸ਼ਾਮਲ ਅਧਿਕਾਰੀਆਂ ਦਾ ਨਾਮ ਦੱਸਣਾ ਅਜੇ ਬਾਕੀ ਹੈ। ਪੁਲਸ ਚੀਫ ਥਾਮਸ ਕੁਇਨਲਾਨ ਅਨੁਸਾਰ ਵਿਭਾਗ ਨੇ ਇਸ ਤਰ੍ਹਾਂ ਦੀਆਂ ਮੁਠਭੇੜਾਂ ਦਾ ਵੀਡੀਓ ਅਤੇ ਆਡੀਓ ਰਿਕਾਰਡ ਬਣਾਉਣ ਲਈ ਇਨ੍ਹਾਂ ਕੈਮਰਿਆਂ ਵਿੱਚ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਪਾਰਦਰਸ਼ਤਾ ਦੇ ਨਾਲ ਜਨਤਾ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਿਚ ਸਹਾਇਤਾ ਮਿਲਦੀ ਹੈ। ਇਸ ਕੇਸ ਨੂੰ ਓਹੀਓ ਬਿਊਰੋ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਵਲੋ ਦੇਖਿਆ ਜਾਵੇਗਾ ਅਤੇ ਸੰਬੰਧਿਤ ਅਧਿਕਾਰੀ ਕੇਸ ਵਿਚ ਸਹੀ ਸਾਬਤ ਹੋਣ ਤੱਕ ਡਿਊਟੀ 'ਤੇ ਵਾਪਸ ਨਹੀਂ ਆਵੇਗਾ।


Sanjeev

Content Editor

Related News