ਬੈਲਜੀਅਮ ਪੁਲਸ ਨੇ ਅੱਤਵਾਦ ਰੋਕੂ ਛਾਪੇਮਾਰੀ ਦੌਰਾਨ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

03/28/2023 3:02:44 PM

ਬ੍ਰਸੇਲਜ਼ (ਭਾਸ਼ਾ)- ਬੈਲਜੀਅਮ ਵਿੱਚ ਪੁਲਸ ਅਧਿਕਾਰੀਆਂ ਨੇ ਸੰਭਾਵਿਤ ਅੱਤਵਾਦੀ ਹਮਲਿਆਂ ਨੂੰ ਨਾਕਾਮ ਕਰਨ ਦੇ ਉਦੇਸ਼ ਨਾਲ ਚਲਾਏ ਗਏ ਅਭਿਆਨ ਤਹਿਤ ਦੇਸ਼ ਭਰ ਵਿਚ ਅੱਤਵਾਦ ਰੋਕੂ ਛਾਪੇਮਾਰੀ ਦੌਰਾਨ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੈਡਰਲ ਪ੍ਰੌਸੀਕਿਊਟਰ ਆਫਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਐਂਟਵਰਪ ਪੁਲਸ ਨੇ ਜਾਂਚ ਕਰਨ ਵਾਲੇ ਜੱਜ ਦੀ ਬੇਨਤੀ 'ਤੇ ਸੋਮਵਾਰ ਰਾਤ ਨੂੰ ਮਰਕਸੇਮ, ਬੋਰਗੇਰਹੌਟ, ਡਿਊਰਨੇ, ਸਿੰਟ-ਜੰਸ-ਮੋਲੇਨਬੀਕ ਅਤੇ ਯੂਪੇਨ ਵਿੱਚ 5 ਥਾਵਾਂ 'ਤੇ ਛਾਪੇਮਾਰੀ ਕੀਤੀ।

ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਕਿ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਛਾਪੇਮਾਰੀ ਦੌਰਾਨ ਕੀ ਜ਼ਬਤ ਕੀਤਾ ਗਿਆ ਸੀ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਵਕੀਲਾਂ ਨੇ ਕਿਹਾ, "ਇਸ ਵਿਚ ਸ਼ਾਮਲ ਘੱਟੋ-ਘੱਟ 2 ਲੋਕਾਂ 'ਤੇ ਬੈਲਜੀਅਮ ਵਿੱਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦਾ ਸ਼ੱਕ ਹੈ। ਹਮਲੇ ਦਾ ਟੀਚਾ ਅਜੇ ਤੱਕ ਨਿਰਧਾਰਤ ਨਹੀਂ ਹੋ ਸਕਿਆ ਹੈ।” ਇਸ ਦੌਰਾਨ, ਬ੍ਰਸੇਲਜ਼ ਪੁਲਸ ਨੇ ਇਕ ਵੱਖ ਮਾਮਲੇ ਵਿਚ ਜ਼ਵੇਂਟੇਮ, ਮੋਲੇਨਬੀਕ-ਸੇਂਟ-ਜਯਾਂ ਅਤੇ ਸ਼ਾਏਰਬੀਕ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਅਤੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਸਰਕਾਰੀ ਵਕੀਲ ਦੇ ਦਫ਼ਤਰ ਮੁਤਾਬਕ, "ਇਹਨਾਂ ਲੋਕਾਂ 'ਤੇ ਬੈਲਜੀਅਮ ਵਿੱਚ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ ਦਾ ਵੀ ਸ਼ੱਕ ਹੈ।" ਦਫ਼ਤਰ ਨੇ ਕਿਹਾ ਹੈ, "ਦੋਵੇਂ ਮਾਮਲਿਆਂ ਵਿਚ ਸਬੰਧ ਹਨ, ਪਰ ਅਗਲੇਰੀ ਜਾਂਚ ਤੋਂ ਪਤਾ ਲੱਗੇਗਾ ਕਿ ਦੋਵੇਂ ਮਾਮਲੇ ਇਕ-ਦੂਜੇ ਨਾਲ ਕਿਸ ਹੱਦ ਤੱਕ ਜੁੜੇ ਹੋਏ ਸਨ।" 


cherry

Content Editor

Related News