ਫਰਾਂਸ ''ਚ ਪੀਲੀ ਜੈਕੇਟ ਵਾਲੇ 60 ਹੋਰ ਪ੍ਰਦਰਸ਼ਨਕਾਰੀ ਕੀਤੇ ਗ੍ਰਿਫਤਾਰ
Saturday, Dec 01, 2018 - 07:45 PM (IST)

ਪੈਰਿਸ — ਫਰਾਂਸ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਹੋ ਰਹੇ ਵਿਰੋਧ-ਪ੍ਰਦਰਸ਼ਨਾਂ ਦੇ ਮਾਮਲੇ 'ਚ ਪੁਲਸ ਨੇ ਸ਼ਨੀਵਾਰ ਨੂੰ 60 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਹੈ। ਐਲ. ਸੀ. ਆਈ. ਪ੍ਰਸਾਰਕ ਨੇ ਪੁਲਸ ਦੇ ਹਵਾਲੇ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ।
ਪੁਲਸ ਨੇ ਪੀਲੀ ਜੈਕੇਟ ਪਾ ਕੇ ਪ੍ਰਦਰਸ਼ਨ ਕਰ ਰਹੇ ਇਨਾਂ ਲੋਕਾਂ ਦੀ ਪਛਾਣ ਲਈ ਉਨ੍ਹਾਂ ਦੇ ਦਸਤਾਵੇਜ਼ਾਂ ਅਤੇ ਬੈਗਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲਿਆ। ਇਸ ਤੋਂ ਪਹਿਲਾਂ ਆਰ. ਟੀ. ਫਰਾਂਸ ਦੇ ਪ੍ਰਸਾਰਕ ਲੁਕਾਸ ਲੀਗਰ ਨੇ ਆਖਿਆ ਕਿ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਆਪਣਾ ਜ਼ੋਰ ਦਿਖਾਇਆ, ਜਿਸ 'ਚ ਉਨ੍ਹਾਂ ਨੂੰ ਸੱਟਾ ਵੀ ਲੱਗੀਆਂ।
ਪੈਰਿਸ ਦੇ ਆਵਾਜਾਈ ਅਥਾਰਟੀ ਆਰ. ਏ. ਟੀ. ਪੀ. ਵੱਲੋਂ ਜਾਰੀ ਇਕ ਬਿਆਨ ਮੁਤਾਬਕ ਪੈਰਿਸ 'ਚ 7 ਮੈਟਰੋ ਸਟੇਸ਼ਨਾਂ ਨੂੰ ਸ਼ਨੀਵਾਰ ਨੂੰ ਬੰਦ ਕਰ ਦਿੱਤਾ ਗਿਆ। ਪੈਰਿਸ 'ਚ ਕਰੀਬ ਪਿਛਲੇ 15 ਦਿਨਾਂ ਤੋਂ ਲੋਕ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ। ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਆਪਣੇ ਬਿਆਨ 'ਚ ਆਖਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਨਹੀਂ ਲਿਆ ਜਾਵੇਗਾ।