ਇਸ ਦੇਸ਼ ''ਚ ਕੋਰੋਨਾ ਨਾਲੋਂ ਜ਼ਿਆਦਾ ਜਾਨਲੇਵਾ ਬਣਿਆ ਨਿਮੋਨੀਆ, 1700 ਤੋਂ ਜ਼ਿਆਦਾ ਲੋਕਾਂ ਦੀ ਮੌਤ

07/11/2020 12:32:41 AM

ਨੂਰ ਸੁਲਤਾਨ - ਪੂਰੀ ਦੁਨੀਆ ਜਿਥੇ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠ ਰਹੀ ਹੈ। ਉਥੇ, ਕਜ਼ਾਖਿਸਤਾਨ ਵਿਚ ਨਿਮੋਨੀਆ ਨਾਲ ਹੁਣ ਤੱਕ 1,772 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਨੇ ਦਾਅਵਾ ਕੀਤਾ ਹੈ ਕਿ ਕਜ਼ਾਖਿਸਤਾਨ ਵਿਚ ਨਿਮੋਨੀਆ ਨਾਲ ਮਰੇ ਲੋਕਾਂ ਦੀ ਗਿਣਤੀ ਕੋਰੋਨਾ ਨਾਲ ਮਰੇ ਲੋਕਾਂ ਦੀ 6 ਗੁਣਾ ਤੋਂ ਵੀ ਜ਼ਿਆਦਾ ਹੈ। ਵਰਲਡੋਮੀਟਰ ਵੈੱਬਸਾਈਟ ਮੁਤਾਬਕ, ਇਸ ਦੇਸ਼ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 54,747 ਮਾਮਲੇ ਸਾਹਮਣੇ ਆਏ ਹਨ, ਜਦਕਿ 264 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਕਜ਼ਾਖਿਸਤਾਨ ਨੇ ਚੀਨ ਦੇ ਦਾਅਵੇ ਨੂੰ ਫਰਜ਼ੀ ਦੱਸਿਆ ਹੈ।

ਚੀਨ ਨੇ ਜਾਰੀ ਕੀਤਾ ਅਲਰਟ
ਇਸ ਵਿਚਾਲੇ ਚੀਨ ਨੇ ਕਜ਼ਾਖਿਸਤਾਨ ਵਿਚ ਰਹਿਣ ਵਾਲੇ ਆਪਣੇ ਨਾਗਰਿਕਾਂ ਨੂੰ ਇਕ ਸਥਾਨਕ ਨਿਮੋਨੀਆ ਦੇ ਪ੍ਰਤੀ ਸੁਚੇਤ ਕਰਦੇ ਹੋਏ ਆਖਿਆ ਹੈ ਕਿ ਇਹ ਕੋਰੋਨਾਵਾਇਰਸ ਲਾਗ ਤੋਂ ਕਿਤੇ ਜ਼ਿਆਦਾ ਜਾਨਲੇਵਾ ਹੈ। ਕਜ਼ਾਖਿਸਤਾਨ ਵਿਚ ਚੀਨ ਦੇ ਦੂਤਘਰ ਨੇ ਵੀ-ਚੈੱਟ ਪਲੇਟਫਾਰਮ 'ਤੇ ਇਕ ਬਿਆਨ ਜਾਰੀ ਕਰਕੇ ਆਖਿਆ ਕਿ ਕਜ਼ਾਖਿਸਤਾਨ ਵਿਚ ਨਿਮੋਨੀਆ ਨਾਲ ਇਸ ਸਾਲ ਦੇ ਸ਼ੁਰੂਆਤੀ 6 ਮਹੀਨਿਆਂ ਵਿਚ 1,772 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿਚ ਇਕੱਲੇ 628 ਲੋਕ ਜੂਨ ਮਹੀਨੇ ਵਿਚ ਮਾਰੇ ਗਏ ਹਨ।

ਮਰਨ ਵਾਲਿਆਂ ਵਿਚ ਚੀਨੀ ਨਾਗਰਿਕ ਵੀ ਸ਼ਾਮਲ
ਇਸ ਵਿਚ ਆਖਿਆ ਗਿਆ ਹੈ ਕਿ ਮਰਨ ਵਾਲਿਆਂ ਵਿਚ ਚੀਨੀ ਨਾਗਰਿਕ ਵੀ ਸ਼ਾਮਲ ਹਨ। ਚੀਨ ਸਰਕਾਰ ਦੇ ਮੁੱਖ ਪੱਤਰ ਗਲੋਬਲ ਟਾਈਮਸ ਨੇ ਸ਼ੁੱਕਰਵਾਰ ਨੂੰ ਦੂਤਘਰ ਦੇ ਬਿਆਨ ਦੇ ਹਵਾਲੇ ਤੋਂ ਆਖਿਆ ਕਿ ਕੋਵਿਡ-19 ਬੀਮਾਰੀ ਦੀ ਤੁਲਨਾ ਵਿਚ ਇਸ ਬੀਮਾਰੀ ਨਾਲ ਵੱਡੀ ਗਿਣਤੀ ਵਿਚ ਮੌਤ ਹੋਣ ਦਾ ਖਤਰਾ ਹੈ। ਕਜ਼ਾਖਿਸਤਾਨ ਦੇ ਸਿਹਤ ਵਿਭਾਗ ਸਮੇਤ ਹੋਰ ਸੰਗਠਨ ਨਿਮੋਨੀਆ ਦੇ ਇਸ ਵਾਇਰਸ ਦੇ ਬਾਰੇ ਵਿਚ ਅਧਿਐਨ ਕਰ ਰਹੇ ਹਨ। ਇਸ ਵਿਚ ਕਹੀ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਕਿਤੇ ਇਹ ਬੀਮਾਰੀ ਕੋਵਿਡ-19 ਨਾਲ ਜੁੜੀ ਤਾਂ ਨਹੀਂ ਹੈ। ਕੁਝ ਚੀਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਿਮੋਨੀਆ ਨੂੰ ਚੀਨ ਵਿਚ ਫੈਲਣ ਤੋਂ ਰੋਕਣ ਲਈ ਕਦਮ ਚੁੱਕਣ ਦੀ ਜ਼ਰੂਰਤ ਹੈ।

ਚੀਨ ਨਾਲ ਲੱਗਦੀ ਕਜ਼ਾਖਿਸਤਾਨ ਦੀ ਸਰਹੱਦ
ਕਜ਼ਾਖਿਸਤਾਨ ਦੀ ਸਰਹੱਦ ਚੀਨ ਦੇ ਉੱਤਰ-ਪੱਛਮ ਸ਼ਿਨਜਿਆਂਗ ਉਇਗਰ ਖੁਦਮੁਖਤਿਆਰੀ ਖੇਤਰ ਨਾਲ ਲੱਗਦੀ ਹੈ। ਦੂਤਘਰ ਕਜ਼ਾਖਿਸਤਾਨ ਵਿਚ ਮੌਜੂਦ ਆਪਣੇ ਨਾਗਰਿਕਾਂ ਨੂੰ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਦਮ ਚੁੱਕਣ ਲਈ ਜਾਗਰੂਕ ਕਰ ਰਿਹਾ ਹੈ। ਰਿਪੋਰਟ ਵਿਚ ਕਜ਼ਾਖਿਸਤਾਨ ਦੀ ਮੀਡੀਆ ਵਿਚ ਆਈ ਖਬਰ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ ਕਜ਼ਾਖਿਸਤਾਨ ਦੇ ਸਿਹਤ ਮੰਤਰੀ ਨੇ ਆਖਿਆ ਸੀ ਕਿ ਨਿਮੋਨੀਆ ਨਾਲ ਬੀਮਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਕੋਵਿਡ-19 ਨਾਲ ਬੀਮਾਰ ਹੋਏ ਲੋਕਾਂ ਦੀ ਗਿਣਤੀ ਨਾਲ 2 ਜਾਂ 3 ਗੁਣਾ ਜ਼ਿਆਦਾ ਹੈ।

ਕਜ਼ਾਖਿਸਤਾਨ ਨੇ ਦੱਸਿਆ ਫੇਕ ਨਿਊਜ਼
ਕਜ਼ਾਖਿਸਤਾਨ ਨੇ ਚੀਨ ਦੇ ਦੂਤਘਰ ਦੇ ਬਿਆਨ 'ਤੇ ਆਧਾਰਿਤ ਚੀਨੀ ਮੀਡੀਆ ਰਿਪੋਰਟਾਂ ਨੂੰ ਫੇਕ ਨਿਊਜ਼ ਦੱਸਿਆ ਹੈ। ਮੰਤਰਾਲੇ ਨੇ ਆਖਿਆ ਕਿ ਬੈਕਟੀਰੀਆ, ਫੰਗਸ ਅਤੇ ਵਾਇਰਸ ਦੇ ਨਾਲ-ਨਾਲ ਅਣਜਾਣ ਸਰੋਤਾਂ ਨਾਲ ਹੋਣ ਵਾਲੀ ਨਿਮੋਨੀਆ ਇਨਫੈਕਸ਼ਨ ਵਿਸ਼ਵ ਸਿਹਤ ਸੰਗਠਨ ਦੇ ਮਾਨਕਾਂ ਦੇ ਅੰਦਰ ਹੀ ਹੈ। ਮੰਤਰਾਲੇ ਨੇ ਕਿਹਾ ਕਿ ਕਜ਼ਾਖਿਸਤਾਨ ਵਿਚ ਨਵੇਂ ਤਰੀਕੇ ਦੇ ਨਿਮੋਨੀਆ ਨੂੰ ਲੈ ਕੇ ਚੀਨੀ ਮੀਡੀਆ ਦੀ ਜਾਣਕਾਰੀ ਗਲਤ ਹੈ।


Khushdeep Jassi

Content Editor

Related News