PML-N ਨੇ ਸ਼ਹਿਬਾਜ਼ ਸ਼ਰੀਫ਼ ਨੂੰ ਪਾਰਟੀ ਪ੍ਰਧਾਨ ਅਤੇ ਮਰੀਅਮ ਨਵਾਜ਼ ਨੂੰ ਉਪ ਪ੍ਰਧਾਨ ਚੁਣਿਆ

06/17/2023 4:17:36 PM

ਇਸਲਾਮਾਬਾਦ (ਭਾਸ਼ਾ)- ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਪਾਰਟੀ ਪ੍ਰਧਾਨ ਚੁਣ ਲਿਆ ਹੈ, ਜਦਕਿ ਪਾਰਟੀ ਸੁਪਰੀਮੋ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੂੰ ਸੀਨੀਅਰ ਉਪ ਪ੍ਰਧਾਨ ਚੁਣਿਆ ਗਿਆ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ ਪੀ.ਐੱਮ.ਐੱਲ.-ਐੱਨ. ਦੀ ਆਮ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਅਹਿਸਾਨ ਇਕਬਾਲ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਨ੍ਹਾਂ ਤੋਂ ਇਲਾਵਾ ਮੀਟਿੰਗ ਵਿੱਚ ਕਈ ਹੋਰ ਅਹੁਦੇਦਾਰ ਵੀ ਚੁਣੇ ਗਏ।

ਪਾਰਟੀ ਦੇ ਹੋਰ ਨੇਤਾਵਾਂ ਵਿੱਚ ਮਰੀਅਮ ਔਰੰਗਜ਼ੇਬ ਨੂੰ ਸਕੱਤਰ (ਸੂਚਨਾ), ਅਤਾਉੱਲਾ ਤਰਾਰ ਨੂੰ ਡਿਪਟੀ ਸਕੱਤਰ ਅਤੇ ਇਸਹਾਕ ਡਾਰ ਨੂੰ ਸਕੱਤਰ (ਵਿੱਤ ਅਤੇ ਵਿਦੇਸ਼ੀ ਮਾਮਲੇ) ਚੁਣਿਆ ਗਿਆ। ਇਹ ਸਾਰੇ ਇਨ੍ਹਾਂ ਅਹੁਦਿਆਂ ਲਈ ਬਿਨਾਂ ਵਿਰੋਧ ਚੁਣੇ ਗਏ, ਜੋ ਕਿ ਇੱਕ ਤਰ੍ਹਾਂ ਨਾਲ ਪੀ.ਐੱਮ.ਐੱਲ.-ਐੱਨ. ਵਿੱਚ ਏਕਤਾ ਨੂੰ ਦਰਸਾਉਂਦਾ ਹੈ, ਪਰ ਅਸਲ ਵਿੱਚ ਪਾਰਟੀ ਉੱਤੇ ਸ਼ਰੀਫ਼ ਪਰਿਵਾਰ ਦੀ ਪਕੜ ਦਾ ਸਪੱਸ਼ਟ ਸੰਕੇਤ ਮਿਲਦਾ ਹੈ, ਕਿਉਂਕਿ ਉਨ੍ਹਾਂ ਨੇ ਹੀ ਪਾਰਟੀ ਦੇ ਹਰ ਅਹੁਦੇਦਾਰ ਦੀ ਚੋਣ ਕੀਤੀ ਹੈ। ਜਦੋਂ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੇ ਪ੍ਰਧਾਨ 'ਤੇ ਤੌਰ 'ਤੇ ਪਾਰਟੀ ਦੀ ਅਗਵਾਈ ਕਰਨ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ, ਉਦੋਂ 2018 ਵਿਚ ਉਨ੍ਹਾਂ  ਛੋਟੇ ਭਰਾ ਸ਼ਹਿਬਾਜ਼ ਨੂੰ ਪਾਰਟੀ ਦੀ ਵਾਗਡੋਰ ਸੌਂਪੀ ਗਈ ਸੀ।

ਮੰਨਿਆ ਜਾਂਦਾ ਹੈ ਕਿ 2019 ਤੋਂ ਲੰਡਨ 'ਚ ਰਹਿ ਰਹੇ ਨਵਾਜ਼ ਸ਼ਰੀਫ ਪਾਰਟੀ ਦੇ ਸਾਰੇ ਵੱਡੇ ਫੈਸਲੇ ਪਰਦੇ ਦੇ ਪਿੱਛੇ ਰਹਿ ਕੇ ਲੈਂਦੇ ਹਨ ਅਤੇ ਪਾਰਟੀ ਦੇ ਸਾਰੇ ਫੈਸਲੇ ਉਨ੍ਹਾਂ ਦੀ ਸਹਿਮਤੀ ਨਾਲ ਲਏ ਜਾਂਦੇ ਹਨ। ਨਵਾਜ਼ ਸ਼ਰੀਫ ਇਲਾਜ ਲਈ 2018 'ਚ ਲੰਡਨ ਗਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਵਿਚ ਵੀ ਸਿਖਰਲੀਆਂ ਨਿਯੁਕਤੀਆਂ ਉਨ੍ਹਾਂ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ ਅਤੇ ਪਿਛਲੇ ਸਾਲ ਮਿਫਤਾਹ ਇਸਮਾਈਲ ਦੀ ਥਾਂ ਇਸਹਾਕ ਡਾਰ ਨੂੰ ਵਿੱਤ ਮੰਤਰੀ ਬਣਾਉਣ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਪ੍ਰਧਾਨ ਚੁਣੇ ਜਾਣ ਤੋਂ ਬਾਅਦ, ਸ਼ਾਹਬਾਜ਼ ਸ਼ਰੀਫ ਨੇ ਆਪਣੇ ਵੱਡੇ ਭਰਾ ਦੇ 'ਸੈਨਿਕ' ਵਜੋਂ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵੱਡਾ ਭਰਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਅਗਵਾਈ ਕਰਨ ਲਈ ਵਾਪਸ ਆ ਜਾਵੇਗਾ। ਨਵਾਜ਼ ਸ਼ਰੀਫ ਦੀ ਉੱਤਰਾਧਿਕਾਰੀ ਮੰਨੀ ਜਾਂਦੀ ਮਰੀਅਮ ਨਵਾਜ਼ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸ਼ਾਹਬਾਜ਼ ਸ਼ਰੀਫ ਆਪਣੇ ਵੱਡੇ ਭਰਾ ਨਾਲ ਸਲਾਹ ਕੀਤੇ ਬਿਨਾਂ ਕੋਈ ਫੈਸਲਾ ਨਹੀਂ ਲੈਂਦੇ।


cherry

Content Editor

Related News