ਅਮਰੀਕਾ 'ਚ ਹੋਈ ਹਿੰਸਾ ਦੀ ਕੈਨੇਡੀਅਨ ਪੀ. ਐੱਮ. ਨੇ ਕੀਤੀ ਨਿੰਦਾ
Thursday, Jan 07, 2021 - 11:50 AM (IST)
ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਸੰਸਦ ਵਿਚ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ। ਟਰੂਡੋ ਨੇ ਟਵਿੱਟਰ 'ਤੇ ਲਿਖਿਆ ਕਿ ਕੈਨੇਡੀਅਨ ਲੋਕ ਇਸ ਵਾਰਦਾਤ ਤੋਂ ਦੁਖੀ ਹਨ। ਇਸ ਹੰਗਾਮੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 13 ਲੋਕਾਂ ਨੂੰ ਪੁਲਸ ਨੇ ਹਿੰਸਾ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ। ਇਸ ਦੇ ਇਲਾਵਾ ਕੁਝ ਲੋਕਾਂ ਕੋਲੋਂ ਬਿਨਾਂ ਲਾਈਸੈਂਸ ਵਾਲੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ।
ਅਮਰੀਕੀ ਰਾਸ਼ਟਰਪਤੀ ਟਰੰਪ ਚੋਣਾਂ ਵਿਚ ਮਿਲੀ ਹਾਰ ਨੂੰ ਮੰਨਣ ਲਈ ਤਿਆਰ ਨਹੀਂ ਹਨ ਤੇ ਇਸੇ ਕਾਰਨ ਉਨ੍ਹਾਂ ਦੇ ਸਮਰਥਕਾਂ ਨੇ ਬੁੱਧਵਾਰ ਨੂੰ ਜ਼ਬਰਦਸਤੀ ਸੰਸਦ ਕੈਪੀਟਲ ਹਿੱਲ ਵਿਚ ਦਾਖ਼ਲ ਹੋ ਕੇ ਹਿੰਸਾ ਕੀਤੀ। ਇਹ ਸਭ ਉਸ ਸਮੇਂ ਹੋਇਆ ਜਦ ਸੰਸਦ ਮੈਂਬਰ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਅਧਿਕਾਰਕ ਰੂਪ ਨਾਲ ਚੋਣ ਜੇਤੂ ਕਰਾਰ ਦੇਣ ਵਾਲੇ ਸਨ। ਟਰੰਪ ਸਮਰਥਕ ਅਚਾਨਕ ਸੰਸਦ ਵਿਚ ਦਾਖ਼ਲ ਹੋਏ ਤੇ ਹਿੰਸਾ ਕਰਨ ਲੱਗੇ ਤੇ ਫ਼ੌਜ ਨੇ ਉਨ੍ਹਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ।
ਵਿਦੇਸ਼ੀ ਮਾਮਲਿਆਂ ਦੇ ਮੰਤਰੀ ਫਰਾਂਸਿਸ-ਫਿਲੀਪ ਚੈਂਪੇਨ ਨੇ ਕਿਹਾ ਕਿ ਉਹ ਇਸ ਖ਼ਬਰ ਨਾਲ ਹੈਰਾਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਦੇਸ਼ ਵਿਚ ਇਹ ਸਭ ਹੋਣਾ ਹੈਰਾਨੀਜਨਕ ਹੈ। ਸੱਤਾ ਬਦਲਣ ਦੀ ਪ੍ਰਕਿਰਿਆ ਸ਼ਾਂਤੀ ਨਾਲ ਹੀ ਹੋਣੀ ਚਾਹੀਦੀ ਹੈ, ਇਸ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੋਣਾ ਚਾਹੀਦਾ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਓ' ਟੂਲੇ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਇਸ ਸਭ ਦੀ ਦੁਨੀਆ ਭਰ ਵਿਚ ਨਿੰਦਾ ਹੋ ਰਹੀ ਹੈ। ਟਵਿੱਟਰ ਨੇ ਟਰੰਪ ਨੂੰ ਬੈਨ ਕਰ ਦਿੱਤਾ ਹੈ ਤੇ ਫੇਸਬੁੱਕ ਤੋਂ ਵੀ ਟਰੰਪ ਦੇ ਬਿਆਨਾਂ ਵਾਲੀਆਂ ਵੀਡੀਓ ਹਟਾਈਆਂ ਜਾ ਰਹੀਆਂ ਹਨ।