ਅਟਲ, ਜੇਤਲੀ ਤੇ ਸੁਸ਼ਮਾ ਦੀ ਮੌਤ ਤੋਂ ਬਾਅਦ ਹੁਣ ਪੀ.ਐਮ ਮੋਦੀ ਦਾ ਨੰਬਰ : ਬ੍ਰਿਟਿਸ਼ ਐਮ.ਪੀ.

08/27/2019 2:43:44 PM

ਲੰਡਨ (ਏਜੰਸੀ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਬ੍ਰਿਟਿਸ਼ ਸੰਸਦ ਮੈਂਬਰ ਨੇ ਇਕ ਵਿਵਾਦਤ ਟਵੀਟ ਕੀਤਾ ਹੈ, ਉਨ੍ਹਾਂ ਦੇ ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਕਾਫੀ ਵਿਰੋਧ ਹੋ ਰਿਹਾ ਹੈ। ਬ੍ਰਿਟਿਸ਼ ਸੰਸਦ ਦੇ ਉੱਚ ਸਦਨ ਹਾਊਸ ਆਫ ਲਾਰਡ ਵਿਚ ਜ਼ਿੰਦਗੀ ਭਰ ਲਈ ਨਿਯੁਕਤ ਕੀਤੇ ਗਏ ਪਹਿਲੇ ਮੁਸਲਿਮ ਸੰਸਦ ਮੈਂਬਰ ਲਾਰਡ ਨਜ਼ੀਰ ਅਹਿਮਦ ਨੇ ਟਵੀਟ ਵਿਚ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਮੱਧ ਪ੍ਰਦੇਸ਼ ਦੇ ਸਾਬਕਾ ਸੀ.ਐਮ. ਬਾਬੂ ਲਾਲ ਗੌਰ, ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਇਕ ਸਾਲ ਅੰਦਰ ਮੌਤ ਹੋ ਗਈ ਤੇ ਹੁਣ ਅਗਲਾ ਨੰਬਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ। ਵਿਵਾਦਤ ਟਵੀਟ ਕਰਨ ਤੋਂ ਬਾਅਦ ਨਜ਼ੀਰ ਅਹਿਮਦ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਬੀਤੇ ਸ਼ਨੀਵਾਰ ਦੁਪਹਿਰ 12:07 ਵਜੇ ਦਿੱਲੀ ਸਥਿਤ ਏਮਜ਼ ਵਿਖੇ ਦਿਹਾਂਤ ਹੋ ਗਿਆ। 66 ਸਾਲ ਦੇ ਜੇਤਲੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਨੂੰ 9 ਅਗਸਤ ਨੂੰ ਏਮਸ ਵਿਖੇ ਦਾਖਲ ਕਰਵਾਇਆ ਗਿਆ ਸੀ। ਜੇਤਲੀ ਦੇ ਦਿਹਾਂਤ ਮਗਰੋਂ ਬੀ.ਜੇ.ਪੀ. ਸਣੇ ਹੋਰ ਵਿਰੋਧੀ ਨੇਤਾਵਾਂ ਨੇ ਦੁੱਖ ਜਤਾਇਆ। ਆਪਣੀ ਖਰਾਬ ਸਿਹਤ ਕਾਰਨ ਉਨ੍ਹਾਂ ਨੇ ਖੁਦ ਨੂੰ ਰਾਜਨੀਤੀ ਤੋਂ ਦੂਰ ਕਰ ਲਿਆ ਸੀ।

 


Sunny Mehra

Content Editor

Related News