ਮੋਦੀ ਦੀ ਅਮਰੀਕਾ ਫੇਰੀ ਦੌਰਾਨ ਸਿੱਖ ਭਾਈਚਾਰੇ ਦੀ ਮੰਗ ਨੂੰ ਪਿਆ ਬੂਰ, ਸਿਆਟਲ ''ਚ ਖੋਲ੍ਹੀ ਜਾਵੇਗੀ ਨਵੀਂ ਭਾਰਤੀ ਅੰਬੈਂਸੀ
Tuesday, Jun 27, 2023 - 12:23 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਆਪਣੇ ਤਿੰਨ ਦਿਨਾਂ ਦੀ ਫੇਰੀ 'ਤੇ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ-ਭਾਰਤੀ ਸਿੱਖ ਭਾਈਚਾਰੇ ਨਾਲ ਰੌਨਾਲਡ ਰੀਗਨ ਸੈਂਟਰ ਵਾਸ਼ਿੰਗਟਨ ਡੀਸੀ ਵਿਖੇ ਮੁਲਾਕਾਤ ਕੀਤੀ। ਅੰਬੈਸੀ ਦੇ ਸੱਦੇ 'ਤੇ ਪਹੁੰਚੇ ਸਿੱਖਾਂ ਵਿੱਚੋਂ ਸਿੱਖ ਸੇਵਾ ਫਾਊਂਡੇਸ਼ਨ ਯੂਐਸਏ ਨਾਂ ਦੀ ਸੰਸਥਾ ਦੇ ਬਾਨੀ ਤੇ ਚੇਅਰਮੈਨ ਅਤੇ ਸਮਾਜ ਸੇਵੀ ਬਹਾਦਰ ਸਿੰਘ ੳਰੇਗਨ (ਅਮਰੀਕਾ), ਦਰਸ਼ਨ ਸਿੰਘ ਧਾਲੀਵਾਲ ਉੱਘੇ ਸਿੱਖ ਕਾਰੋਬਾਰੀ, ਜੋ ਅਮਰੀਕਾ ਵਿੱਚ ਸੈਂਕੜੇ ਗੈਸ ਸਟੇਸਨਾਂ ਦੇ ਮਾਲਕ ਹਨ ਅਤੇ ਜੋ ਪਰਵਾਸੀ ਭਰਤੀ ਐਵਾਰਡ ਨਾਲ ਪਹਿਲੇ ਸਨਮਾਨਤ ਸਿੱਖ ਹਨ, ਸ਼ਾਮਲ ਸਨ। ਉਹਨਾਂ ਨਾਲ ਬਹਾਦਰ ਸਿੰਘ ਸਿੱਖ ਸੇਵਾ ਫਾਊਂਡੇਸ਼ਨ ਦੇ ਚੇਅਰਮੈਨ, ਨਿਰਮਲ ਸਿੰਘ ਚੰਦੀ, ਰਾਜ ਵਰਮਾ, ਜਸਵੀਰ ਸਿੰਘ ਪੰਨੂੰ, ਰਾਜਵਿੰਦਰ ਸਿੰਘ ਬੋਪਾਰਾਏ, ਚਰਨਜੀਤ ਸਿੰਘ ਧਾਲੀਵਾਲ ਅਤੇ ਅੰਮ੍ਹਿਤਪਾਲ ਸਿੰਘ ਵੀ ਮੌਜੂਦ ਸਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿੱਖ ਸੇਵਾ ਫਾਊਂਡੇਸ਼ਨ ਅਮਰੀਕਾ ਚੇਅਰਮੈਨ ਬਹਾਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਕੇ ਸੰਨ 2016 ਤੋਂ ਵਿੱਢੀ ਮੰਗ ਦੁਹਰਾਈ ਗਈ ਕਿ ਵਾਸ਼ਿੰਗਟਨ ਸਿਆਟਲ ਵਿੱਚ ਇਕ ਭਾਰਤੀ ਅੰਬੈਂਸੀ ਖੋਲ੍ਹੀ ਜਾਵੇ, ਜਿਸ 'ਤੇ ਮੋਦੀ ਨੇ ਸਿਆਟਲ ਵਿੱਚ ਭਾਰਤੀ ਅੰਬੈਂਸੀ ਖੋਲ੍ਹਣ ਦੀ ਉਹਨਾਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਸਿਆਟਲ ਵਿੱਚ ਜਲਦੀ ਹੀ ਇਕ ਨਵੀ ਅੰਬੈਂਸੀ ਖੋਲ੍ਹਣ ਦੀ ਮੰਗ ਨੂੰ ਸਵੀਕਾਰ ਕੀਤਾ। ਇਸ ਦੇ ਨਾਲ ਅਮਰੀਕੀ-ਭਾਰਤੀ ਸਿੱਖਾਂ ਨੇ ਬੰਦੀ ਸਿੰਘਾਂ ਦੀ ਰਿਹਾਈ, ਆਨੰਦ ਮੈਰਿਜ ਐਕਟ ਲਾਗੂ ਕਰਨ ਦੇ ਬਾਰੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਸਬੰਧੀ ਵੀ ਗੱਲਬਾਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਵਾਵਰੋਲੇ ਨੇ ਮਚਾਈ ਤਬਾਹੀ, 3 ਲੋਕਾਂ ਦੀ ਮੌਤ ਤੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ (ਤਸਵੀਰਾਂ)
ਇੱਥੇ ਦੱਸਣਯੋਗ ਹੈ ਕਿ ਸਮਾਜ ਸੇਵੀ ਬਹਾਦਰ ਸਿੰਘ ਇੱਥੇ ਇਕ ਸਫਲ ਕਾਰੋਬਾਰੀ ਵੀ ਹਨ, ਜਿੰਨਾਂ ਦੇ ਚਾਰ ਦਰਜਨ ਦੇ ਕਰੀਬ ਗਰੋਸਰੀ ਸਟੋਰ ਹਨ, ਜਿੰਨਾਂ ਵੱਲੋਂ ਭੀਰਾ ਖੇੜੀ ਲਖੀਮਪੁਰ ਯੂਪੀ ਵਿੱਚ ਕਈ ਸਾਲ ਪਹਿਲੇ ਵਨ-ਬੀਟ ਨਾਂ ਦੇ ਗਰੁੱਪ ਦੇ ਨਾਂ ਨਾਲ ਜਾਣਿਆ ਜਾਂਦਾ ਕਰੋੜਾਂ ਰੁਪਇਆ ਦੀ ਲਾਗਤ ਨਾਲ ਮੁਫ਼ਤ ਇਲਾਜ, ਦਵਾਈਆਂ, ਖਾਣਾ ਪੀਣਾ ਮੁਫ਼ਤ ਜਨਤਾ ਦੀ ਸਹੂਲਤ ਲਈ ਖੋਲ੍ਹਿਆ ਗਿਆ ਹੈ। ਉਹਨਾਂ ਦੱਸਿਆ ਕਿ ਉਹ ਜਨਤਾ ਦੀ ਸਹੂਲਤ ਅਤੇ ਮੁਫ਼ਤ ਇਲਾਜ ਲਈ ਇਕ ਹਸਪਤਾਲ ਪੰਜਾਬ ਵਿੱਚ ਚਮਕੌਰ ਸਾਹਿਬ ਵਿੱਚ ਸ਼ੁਰੂ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।