ਪਾਕਿ ਰੱਖਿਆ ਮੰਤਰੀ ਦਾ ਦੋਸ਼-ਸੱਤਾ ਲਈ ਫੌਜ ਦੇ ਨਾਲ ''ਗੱਲਬਾਤ'' ਨੂੰ ਉਤਾਵਲੇ ਇਮਰਾਨ ਖਾਨ
Wednesday, Sep 14, 2022 - 04:50 PM (IST)

ਇਸਲਾਮਾਬਾਦ-ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਦੋਸ਼ ਲਗਾਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਸੱਤਾ ਦੇ ਲਈ ਬੇਤਾਬੀ' 'ਚ ਸ਼ਕਤੀਸ਼ਾਲੀ ਫੌਜ ਦੇ ਨਾਲ 'ਗੱਲਬਾਤ ਦੇ ਦਰਵਾਜ਼ੇ' ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਆਸਿਫ਼ ਦਾ ਇਹ ਦਾਅਵਾ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਗੁਜਰਾਂਵਾਲਾ 'ਚ ਇਕ ਰੈਲੀ 'ਚ ਇਮਰਾਨ ਵਲੋਂ ਫੌਜ ਨੂੰ ਇਹ ਚਿਤਾਵਨੀ ਦਿੱਤੇ ਜਾਣ ਦੇ ਕੁਝ ਦਿਨ ਬਾਅਦ ਆਇਆ ਹੈ ਕਿ ਜੇਕਰ ਦੇਸ਼ ਅਤੇ ਅਰਥਵਿਵਸਥਾ ਮੌਜੂਦਾ ਸਰਕਾਰ ਦੇ ਤਹਿਤ ਹੋਰ ਵੀ ਖਰਾਬ ਸਥਿਤੀ 'ਚ ਪਹੁੰਚਦੇ ਹਨ ਤਾਂ ਉਸ ਨੂੰ ਜ਼ਿੰਮੇਦਾਰ ਠਹਿਰਾਇਆ ਜਾਵੇਗਾ।
ਉਨ੍ਹਾਂ ਨੇ ਸਮਾ ਸਮਾਚਾਰ ਚੈਨਲ ਨੂੰ ਦਿੱਤੇ ਗਏ ਇਕ ਇੰਟਰਵਿਊ 'ਚ ਕਿਹਾ ਕਿ ਇਕ ਪਾਸੇ ਉਹ ਉਸ (ਫੌਜ) 'ਤੇ ਹਮਲਾ ਕਰ ਰਹੇ ਹਨ ਅਤੇ ਦੂਜੇ ਪਾਸੇ, ਉਹ ਗੱਲਬਾਤ ਜਾਂ ਡਾਇਲਾਗ ਦੇ ਦਰਵਾਜ਼ੇ ਵੀ ਖੋਲ੍ਹਣਾ ਚਾਹੁੰਦੇ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਦੇ ਬਿਆਨ ਤੋਂ ਪਤਾ ਚੱਲਦਾ ਹੈ ਕਿ 'ਬੰਦੂਕ ਦੇ ਬਲ' 'ਤੇ 'ਜਬਰਨ' ਫੌਜ ਨਾਲ ਗੱਲ ਕਰਨਾ ਚਾਹੁੰਦੇ ਹਨ।