ਇੰਜਣ ''ਚ ਅੱਗ ਲੱਗਣ ''ਤੇ ਪਾਇਲਟ ਨੇ ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ

Sunday, Sep 15, 2019 - 05:57 PM (IST)

ਇੰਜਣ ''ਚ ਅੱਗ ਲੱਗਣ ''ਤੇ ਪਾਇਲਟ ਨੇ ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ

ਲਾਹੌਰ (ਭਾਸ਼ਾ)- ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ ਇਕ ਜਹਾਜ਼ ਦੇ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਉਸ ਦੇ ਇਕ ਇੰਜਣ ਵਿਚ ਅੱਗ ਲੱਗ ਗਈ। ਹਾਲਾਂਕਿ, ਪਾਇਲਟ ਨੇ ਜਹਾਜ਼ ਨੂੰ ਤੁਰੰਤ ਸੁਰੱਖਿਅਤ ਹੇਠਾਂ ਉਤਾਰ ਲਿਆ। ਜਹਾਜ਼ ਵਿਚ ਤਕਰੀਬਨ 200 ਯਾਤਰੀ ਸਵਾਰ ਸਨ, ਜੋ ਕਿ ਜੇਦਾ ਜਾ ਰਹੇ ਸਨ। ਜਹਾਜ਼ ਪੀ.ਕੇ.-759 ਦੇ ਇਕ ਇੰਜਣ ਨੂੰ ਅੱਗ ਲੱਗ ਜਾਣ ਤੋਂ ਬਾਅਦ ਵਾਪਸ ਅੱਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ 'ਤੇ ਪਰਤਣ ਲਈ ਅਤੇ ਐਮਰਜੈਂਸੀ ਸਥਿਤੀ ਵਿਚ ਉਤਰਣ ਲਈ ਮਜਬੂਰ ਹੋਣਾ ਪਿਆ। ਏਅਰਲਾਈਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸਵੇਰੇ ਉਡਾਣ ਭਰਨ ਦੌਰਾਨ ਜਹਾਜ਼ ਦੇ ਇਕ ਇੰਜਣ ਵਿਚ ਅੱਗ ਲੱਗ ਗਈ ਅਤੇ ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਅਤੇ ਐਮਰਜੈਂਸੀ ਸਥਿਤੀ ਵਿਚ ਜਹਾਜ਼ ਉਤਾਰਣ ਦੀ ਇਜਾਜ਼ਤ ਮੰਗੀ।

ਉਨ੍ਹਾਂ ਨੇ ਦੱਸਿਆ ਕਿ ਪਾਇਲਟ ਨੇ ਜਹਾਜ਼ ਨੂੰ ਸਫਲਤਾਪੂਰਵਕ ਹੇਠਾਂ ਉਤਾਰ ਲਿਆ ਅਤੇ ਇਸ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ। ਯਾਤਰੀਆਂ ਨੂੰ ਇਕ ਹੋਰ ਜਹਾਜ਼ ਰਾਹੀਂ ਦੁਪਿਹਰ ਨੂੰ ਜੇੱਦਾ ਭੇਜਿਆ ਗਿਆ। ਹਾਲਾਂਕਿ ਪੀ.ਆਈ.ਏ. ਬੁਲਾਰੇ ਮਸੂਦ ਤਜਵਾਰ ਨੇ ਦਾਅਵਾ ਕੀਤਾ ਕਿ ਜਹਾਜ਼ ਵਿਚ ਅੱਗ ਨਹੀਂ ਲੱਗੀ ਸੀ। ਉਨ੍ਹਾਂ ਨੇ ਕਿਹਾ ਕਿ ਪੀ.ਕੇ. 759 ਨੇ ਉਡਾਣ ਭਰਨ 'ਤੇ ਇਕ ਤਕਨੀਕੀ ਗੜਬੜੀ ਦਾ ਪਤਾ ਲੱਗਣ ਦੇ ਤੁਰੰਤ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ। ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਪੀ.ਆਈ.ਏ. ਦੇ ਇਕ ਹੋਰ ਜਹਾਜ਼ ਨੂੰ ਲਾਹੌਰ ਹਵਾਈਅੱਡੇ 'ਤੇ ਐਮਰਜੈਂਸੀ ਲੈਂਡਿੰਗ ਲਈ ਮਜਬੂਰ ਹੋਣਾ ਪਿਆ ਸੀ। ਜਹਾਜ਼ ਨਾਲ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਅਜਿਹਾ ਕੀਤਾ ਗਿਆ ਸੀ।
 


author

Sunny Mehra

Content Editor

Related News