ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਦੇ ਖ਼ਿਲਾਫ਼ ਨਵਾਂ ਡਿਪਲੋਮੈਟਿਕ ਵਿਰੋਧ ਜਤਾਵੇਗਾ ਫਿਲੀਪੀਨ
Wednesday, Jun 01, 2022 - 06:48 PM (IST)

ਇੰਟਰਨੈਸ਼ਨਲ ਡੈਸਕ- ਫਿਲੀਪੀਨ ਨੇ ਅਗਲੇ ਮਹੀਨੇ ਨਵੇਂ ਰਾਸ਼ਟਰਪਤੀ ਦੇ ਕਾਰਜਭਾਰ ਸੰਭਾਲਣ ਦੇ ਦਰਮਿਆਨ ਮੰਗਲਵਾਰ ਨੂੰ ਦੱਖਣੀ ਚੀਨ ਸਾਗਰ 'ਚ ਵਿਵਾਦਾਂ ਨੂੰ ਲੈ ਕੇ ਚੀਨ ਦੇ ਖ਼ਿਲਾਫ਼ ਨਵਾਂ ਡਿਪਲੋਮੈਟਿਕ ਵਿਰੋਧ ਜਤਾਉਣ ਦਾ ਐਲਾਨ ਕੀਤਾ ਹੈ। ਫਿਲੀਪੀਨ ਨੇ ਵਿਵਾਦਤ ਜਲ ਖੇਤਰ 'ਚ ਚੀਨ ਦੇ ਵਧਦੇ ਹਮਲਾਵਰ ਰੁਖ਼ ਨੂੰ ਲੈ ਕੇ ਹਾਲ ਦੇ ਸਾਲਾਂ 'ਚ ਉਸ ਦੇ ਖ਼ਿਲਾਫ਼ ਸੈਂਕੜੇ ਡਿਪਲੋਮੈਟਿਕ ਵਿਰੋਧ ਦਰਜ ਕਰਾਏ ਹਨ। ਹਾਲਾਂਕਿ ਅਹੁਦਾ ਛੱਡ ਰਹੇ ਰਾਸ਼ਟਰਪਤੀ ਰੋਡ੍ਰੀਗੋ ਦੁਤੇਰਤੇ ਦੇ ਕਾਰਜਕਾਲ 'ਚ ਦੋਵੇਂ ਦੇਸ਼ਾਂ ਦਰਮਿਆ ਸਬੰਧ ਬਿਹਤਰ ਹੋਏ ਸਨ।
ਦੁਤੇਤਰੇ ਦਾ 6 ਸਾਲ ਦਾ ਕਾਰਜਕਾਲ 30 ਜੂਨ ਨੂੰ ਪੂਰਾ ਹੋ ਰਿਹਾ ਹੈ। ਫਰਡੀਨੈਂਡ ਮਾਰਕੋਸ ਜੂਨੀਅਰ ਨੂੰ ਰਾਸ਼ਟਰਪਤੀ ਚੋਣ 'ਚ 9 ਮਈ ਨੂੰ ਸ਼ਾਨਦਾਰ ਜਿੱਤ ਮਿਲੀ ਸੀ ਤੇ ਉਹ ਛੇਤੀ ਹੀ ਨਵੇਂ ਰਾਸ਼ਟਰਪਤੀ ਦੇ ਤੌਰ 'ਤੇ ਕਾਰਜਭਾਰ ਸੰਭਾਲਣਗੇ। ਪਰ ਉਨ੍ਹਾਂ ਲਈ ਇਹ ਇਕ ਅਹਿਮ ਚੁਣੌਤੀ ਹੋਵੇਗੀ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਉਹ ਇਸ ਮੁੱਦੇ 'ਤੇ ਚੀਨ ਲਈ ਡਿਪਲੋਮੈਟਿਕ ਤਰੀਕਿਆਂ ਦੀ ਵਰਤੋਂ ਕਰਨਗੇ। ਦੁਤੇਰਤੇ ਨੇ ਵੀ ਅਜਿਹਾ ਹੀ ਰੁਖ਼ ਅਪਣਾਇਆ ਸੀ। ਵਸੀਲਿਆਂ ਨਾਲ ਸੰਪਨ ਤੇ ਬਿਜ਼ੀ ਜਲਮਾਰਗ 'ਚ ਚੀਨ ਦੀ ਵਧਦੀ ਹਮਲਾਵਰਤਾ ਦੇ ਖ਼ਿਲਾਫ ਜ਼ਿਆਦਾ ਹਮਲਾਵਰ ਰੁਖ਼ ਨਾ ਅਪਣਾਉਣ ਲਈ ਦੁਤੇਰਤੇ ਦੀ ਆਲੋਚਨਾ ਵੀ ਹੁੰਦੀ ਰਹੀ ਹੈ।
ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਮੱਛੀਆਂ ਫੜ੍ਹਨ 'ਤੇ ਸਾਢੇ ਤਿੰਨ ਮਹੀਨੇ ਦੀ ਸਾਲਾਨਾ ਪਾਬੰਦੀ ਛੇਤੀ ਲਗਾਉਣ ਨੂੰ ਲੈ ਕੇ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਡਿਪਲੋਮੈਟਿਕ ਵਿਰੋਧ ਦਰਜ ਕਰਾਇਆ ਹੈ। ਇਹ ਪਾਬੰਦੀ ਉਸ ਜਲ ਖੇਤਰ ਤੋਂ ਵੀ ਸਬੰਧਤ ਹੈ ਜਿੱਥੇ 'ਫਿਲੀਪੀਨ ਦੀ ਪ੍ਰਭੂਸੱਤਾ, ਅਧਿਕਾਰ ਤੇ ਅਧਿਕਾਰ ਖੇਤਰ ਹੈ। ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਇਸ ਚੀਨੀ ਪਾਬੰਦੀ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਤੇ ਉਹ ਆਪਣੇ ਵਿਸ਼ਵਾਸ ਤੇ ਦੋ ਪੱਖੀ ਸਬੰਧਾਂ ਨੂੰ ਕਮਜ਼ੋਰ ਕਰਦਾ ਹੈ। ਫਿਲੀਪੀਨ ਚੀਨ ਤੋਂ ਕੌਮਾਂਤਰੀ ਕਾਨੂੰਨ ਦੇ ਤਹਿਤ ਆਪਣੇ ਫਰਜ਼ਾਂ ਦੀ ਪਾਲਣਾ ਲਈ ਕਹਿੰਦਾ ਰਿਹਾ ਹੈ।