ਫਿਲੀਪੀਨਜ਼ ''ਚ ਓਮੀਕਰੋਨ ਨਾਲ ਸੰਕ੍ਰਮਿਤ 17 ਨਵੇਂ ਮਾਮਲਿਆਂ ਦੀ ਪੁਸ਼ਟੀ
Tuesday, May 17, 2022 - 04:28 PM (IST)
ਮਨੀਲਾ (ਏਜੰਸੀ)- ਦੱਖਣੀ-ਪੂਰਬੀ ਏਸ਼ੀਆਈ ਦੇਸ਼ ਫਿਲੀਪੀਨਜ਼ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਨਵੇਂ ਰੂਪ ਓਮੀਕਰੋਨ ਨਾਲ ਸੰਕ੍ਰਮਿਤ 17 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਵਧੀਕ ਸਕੱਤਰ ਮਾਰੀਆ ਵਰਗੇਅਰ ਨੇ ਇੱਕ ਵਰਚੁਅਲ ਮੀਡੀਆ ਗੱਲਬਾਤ ਵਿੱਚ ਕਿਹਾ ਕਿ ਫਿਲੀਪੀਨਜ਼ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਖੇਤਰਾਂ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਸੰਕਰਮਿਤ ਲੋਕਾਂ ਦਾ ਵਿਦੇਸ਼ ਤੋਂ ਆਏ ਲੋਕਾਂ ਨਾਲ ਕੋਈ ਸੰਪਰਕ ਨਹੀਂ ਸੀ।
ਵਰਗੇਅਰ ਨੇ ਕਿਹਾ ਕਿ ਓਮੀਕਰੋਨ ਦੇ ਮਾਮਲੇ ਸਥਾਨਕ ਸਮੂਹਾਂ ਵਿਚ ਪਾਏ ਗਏ ਹਨ, ਜਿਨ੍ਹਾਂ ਵਿੱਚ ਮੈਟਰੋ ਮਨੀਲਾ, ਮੱਧ ਫਿਲੀਪੀਨਜ਼ ਵਿੱਚ ਪੱਛਮੀ ਵਿਸਾਯਾਸ ਖੇਤਰ ਅਤੇ ਪਲਾਵਨ ਸੂਬੇ ਦੇ ਪਿਉਟਰ ਪ੍ਰਿੰਸੇਸਾ ਸ਼ਹਿਰ ਸ਼ਾਮਲ ਹੈ। ਉਨ੍ਹਾਂ ਨੇ ਸਰਕਾਰੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਓਮੀਕਰੋਨ ਦੇ ਸਰਗਰਮ ਕੇਸਾਂ ਦੀ ਜਲਦੀ ਤੋਂ ਜਲਦੀ ਪੁਸ਼ਟੀ ਕਰਨ, ਤਾਂ ਜੋ ਉਨ੍ਹਾਂ ਦਾ ਢੁਕਵੇਂ ਸਮੇਂ 'ਤੇ ਇਲਾਜ ਕੀਤਾ ਜਾ ਸਕੇ।