ਫਿਲੀਪੀਨ ''ਚ 1,88,000 ਲੋਕ ਡੇਂਗੂ ਦੇ ਸ਼ਿਕਾਰ, 807 ਦੀ ਮੌਤ

08/20/2019 10:00:32 AM

ਮਨੀਲਾ (ਭਾਸ਼ਾ)— ਫਿਲੀਪੀਨ ਵਿਚ ਇਸ ਸਾਲ ਪਹਿਲੇ 8 ਮਹੀਨਿਆਂ ਵਿਚ 1,88,000 ਤੋਂ ਵੱਧ ਲੋਕ ਜਾਨਲੇਵਾ ਬੀਮਾਰੀ ਡੇਂਗੂ ਨਾਲ ਪੀੜਤ ਹਨ। ਇਸ ਬੀਮਾਰੀ ਨਾਲ ਹੁਣ ਤੱਕ ਇੱਥੇ 807 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਲੀਪੀਨ ਦੇ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਵਿਭਾਗ (ਡੀ.ਓ.ਐੱਚ.) ਦੀ ਡੇਂਗੂ ਨਿਗਰਾਨੀ ਰਿਪੋਰਟ ਮੁਤਾਬਕ ਇਸ ਸਾਲ 1 ਜਨਵਰੀ ਤੋਂ 3 ਅਗਸਤ ਵਿਚ ਡੇਂਗੂ ਦੇ ਕੁੱਲ 1,88,562 ਮਾਮਲੇ ਸਾਹਮਣੇ ਆਏ ਜੋ ਪਿਛਲੇ ਸਾਲ ਦੇ ਮੁਕਾਬਲੇ ਦੋ ਗੁਣਾ ਵੱਧ ਹਨ। ਪਿਛਲੇ ਇਸ ਸਾਲ ਮਿਆਦ ਵਿਚ ਡੇਂਗੂ ਦੇ 93,149 ਮਾਮਲੇ ਸਾਹਮਣੇ ਆਏ ਸਨ। 

ਇਸ ਜਾਨਲੇਵਾ ਬੀਮਾਰੀ ਦੀ ਚਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਕਾਫੀ ਵਾਧਾ ਹੋਇਆ ਹੈ। ਸਾਲ 2018 ਵਿਚ ਡੇਂਗੂ ਨਾਲ 497 ਲੋਕਾਂ ਦੀ ਮੌਤ ਹੋਈ ਸੀ ਜਦਕਿ ਇਸ ਸਾਲ ਅਗਸਤ ਤੱਕ ਡੇਂਗੂ ਨਾਲ 807 ਲੋਕਾਂ ਦੀ ਮੌਤ ਹੋ ਚੁੱਕੀ ਹੈ। ਡੀ.ਓ.ਐੱਚ. ਮੁਤਾਬਕ ਇਸ ਮਹਾਮਾਰੀ ਨਾਲ ਦੇਸ਼ ਦੇ ਮੱਧ ਅਤੇ ਦੱਖਣੀ ਇਲਾਕੇ ਪ੍ਰਭਾਵਿਤ ਹੋਏ ਹਨ ਅਤੇ ਸਭ ਤੋਂ ਵੱਧ 5 ਤੋਂ 9 ਸਾਲ ਦੇ ਬੱਚੇ ਇਸ ਦੀ ਚਪੇਟ ਵਿਚ ਹਨ। ਦੇਸ਼ ਵਿਚ ਡੇਂਗੂ ਨਾਲ ਪੀੜਤ ਬੱਚਿਆਂ ਦੀ ਗਿਣਤੀ 43,047 ਹਨ ਜੋ ਕੁੱਲ ਬੀਮਾਰ ਲੋਕਾਂ ਦਾ 23 ਫੀਸਦੀ ਹੈ। 

ਸਿਹਤ ਵਿਭਾਗ ਦੇ ਡਿਪਟੀ ਸਕੱਤਰ ਐਰਿਕ ਡੋਮਿੰਗੋ ਨੇ ਕਿਹਾ,''ਡੇਂਗੂ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ।'' ਉਨ੍ਹਾਂ ਨੇ ਲੋਕਾਂ ਨੂੰ ਡੇਂਗੂ ਨੂੰ ਰੋਕਣ ਲਈ ਮੱਛਰ ਪੈਦਾ ਹੋਣ ਵਾਲੇ ਸਥਾਨਾਂ ਨੂੰ ਸਾਫ ਕਰਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਨੂੰ ਵਧਾਉਣ ਦੀ ਅਪੀਲ ਕੀਤੀ ਹੈ। ਫਿਲੀਪੀਨ ਨੇ 6 ਅਗਸਤ ਨੂੰ ਦੇਸ਼ ਵਿਚ ਡੇਂਗੂ ਨੂੰ ਰਾਸ਼ਟਰੀ ਮਹਾਮਾਰੀ ਐਲਾਨ ਕੀਤਾ ਤਾਂ ਜੋ ਇਸ ਨਾਲ ਨਜਿੱਠਣ ਲਈ ਸਥਾਨਕ ਸਰਕਾਰ ਵਿਸ਼ੇਸ਼ ਤੁਰੰਤ ਪ੍ਰਤੀਕਿਰਿਆ ਫੰਡ ਗਠਿਤ ਕਰ ਸਕੇ। ਡੀ.ਓ.ਐੱਚ. ਨੇ ਚਿਤਾਵਨੀ ਦਿੱਤੀ ਹੈ ਕਿ ਬਰਸਾਤ ਦੇ ਮੌਸਮ ਕਾਰਨ ਅਕਤੂਬਰ ਤੱਕ ਡੇਂਗੂ ਦੇ ਮਾਮਲੇ ਵੱਧਣ ਦੀ ਸੰਭਾਵਨਾ ਹੈ। 

ਗੌਰਤਲਬ ਹੈ ਕਿ ਡੇਂਗੂ ਦੁਨੀਆ ਭਰ ਵਿਚ ਊਸ਼ਣਕਟੀਬੰਧੀ ਦੇਸ਼ਾਂ ਵਿਚ ਪਾਇਆ ਜਾਣ ਵਾਲਾ ਇਕ ਮੱਛਰ ਨਾਲ ਪੈਦਾ ਹੋਣ ਵਾਲਾ ਵਾਇਰਲ ਇਨਫੈਕਸ਼ਨ ਹੈ। ਇਸ ਨਾਲ ਜੋੜਾਂ ਵਿਚ ਦਰਦ, ਉਲਟੀ ਅਤੇ ਦਾਣੇ ਦਾ ਕਾਰਨ ਬਣ ਸਕਦਾ ਹੈ। ਗੰਭੀਰ ਮਾਮਲਿਆਂ ਵਿਚ ਸਾਹ ਲੈਣ ਵਿਚ ਪਰੇਸ਼ਾਨੀ, ਖੂਨ ਵੱਗਣਾ ਅਤੇ ਅੰਗ ਬੇਕਾਰ ਹੋਣ ਦਾ ਕਾਰਨ ਬਣ ਸਕਦਾ ਹੈ। ਹਾਲ ਦੇ ਦਹਾਕਿਆਂ ਵਿਚ ਡੇਂਗੂ ਦੇ ਗਲੋਬਲ ਮਾਮਲਿਆਂ ਵਿਚ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਨੇ ਕਿਹਾ ਕਿ ਪਿਛਲੇ 50 ਸਾਲਾਂ ਵਿਚ ਡੇਂਗੂ ਦੇ ਮਾਮਲਿਆਂ ਵਿਚ 30 ਗੁਣਾ ਵਾਧਾ ਹੋਇਆ ਹੈ।


Vandana

Content Editor

Related News