ਅਮਰੀਕਾ ਦੁਆਰਾ ਖਰੀਦੀਆਂ ਜਾਣਗੀਆਂ ਫਾਈਜ਼ਰ ਦੀਆਂ 500 ਮਿਲੀਅਨ ਖੁਰਾਕਾਂ
Thursday, Sep 23, 2021 - 10:00 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਪ੍ਰਸ਼ਾਸਨ ਦੁਆਰਾ ਵਿਸ਼ਵ ਭਰ 'ਚ ਵੰਡਣ ਲਈ ਫਾਈਜ਼ਰ ਕੰਪਨੀ ਦੀਆਂ ਲੱਖਾਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਖਰੀਦੀਆਂ ਜਾਣਗੀਆਂ। ਇਸ ਸਬੰਧੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੁਨੀਆ ਭਰ ਦੇ ਗਰੀਬ ਦੇਸ਼ਾਂ ਨੂੰ ਦੇਣ ਲਈ ਫਾਈਜ਼ਰ ਦੇ ਕੋਵਿਡ -19 ਟੀਕੇ ਦੀਆਂ 500 ਮਿਲੀਅਨ ਹੋਰ ਖੁਰਾਕਾਂ ਖਰੀਦੇਗਾ। ਇਸ ਨਾਲ ਕੋਰੋਨਾ ਖੁਰਾਕਾਂ ਦੀ ਗਿਣਤੀ ਬਾਈਡੇਨ ਦੁਆਰਾ ਸਹਾਇਤਾ ਲਈ ਮਿਥੇ ਗਏ ਟੀਚੇ ਨਾਲੋਂ ਦੁੱਗਣੇ ਤੋਂ ਵੀ ਵੱਧ ਹੋ ਜਾਵੇਗੀ।
ਇਹ ਵੀ ਪੜ੍ਹੋ : ਹੈਤੀ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਬਾਈਡੇਨ ਨੇ ਵਿਸ਼ਵ ਨੇਤਾਵਾਂ ਨਾਲ ਇੱਕ ਵਰਚੁਅਲ ਸਿਖਰ ਸੰਮੇਲਨ ਦੌਰਾਨ ਮਹਾਮਾਰੀ ਨੂੰ ਹਰਾਉਣ ਉੱਤੇ ਜ਼ੋਰ ਦਿੱਤਾ। ਬਾਈਡੇਨ ਨੇ ਦੱਸਿਆ ਕਿ ਅਮਰੀਕੀ ਪ੍ਰਸ਼ਾਸਨ ਨੇ ਕਿਸੇ ਵੀ ਹੋਰ ਦੇਸ਼ ਨਾਲੋਂ ਜਿਆਦਾ ਲਗਭਗ 160 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨੂੰ 100 ਦੇਸ਼ਾਂ 'ਚ ਭੇਜਿਆ ਹੈ। ਇਸੇ ਹੀ ਲੜੀ ਤਹਿਤ ਲਗਭਗ ਅੱਧਾ ਬਿਲੀਅਨ ਖੁਰਾਕਾਂ ਅਗਲੇ ਸਾਲ ਦੇ ਇਸ ਸਮੇਂ ਤੱਕ ਭੇਜ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਰੱਖਿਆ ਮੰਤਰਾਲਾ ਤੋਂ ਲੀਕ ਹੋਇਆ ਅਫਗਾਨੀਆਂ ਦਾ ਡਾਟਾ, ਆਪਣੀ ਗਲਤੀ ਲਈ UK ਨੇ ਮੰਗੀ ਮੁਆਫ਼ੀ
ਇਹ ਖੁਰਾਕਾਂ ਬਾਈਡੇਨ ਪ੍ਰਸ਼ਾਸਨ ਦੁਆਰਾ ਦਿੱਤੀਆਂ ਜਾਣ ਵਾਲੀਆਂ 1.1 ਬਿਲੀਅਨ ਖੁਰਾਕਾਂ ਦਾ ਹਿੱਸਾ ਹਨ। ਬਾਈਡੇਨ ਅਨੁਸਾਰ ਅਮਰੀਕੀ ਟੀਕੇ, ਕੋਵੈਕਸ ਗਲੋਬਲ ਵੈਕਸੀਨ ਏਜੰਸੀ ਦੁਆਰਾ ਵੰਡੇ ਜਾਣਗੇ। ਜ਼ਿਕਰਯੋਗ ਹੈ ਕਿ ਦੁਨੀਆ ਦੀ ਲਗਭਗ 43 ਪ੍ਰਤੀਸ਼ਤ ਆਬਾਦੀ ਨੂੰ 5.9 ਬਿਲੀਅਨ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ, ਪਰ ਸਭ ਤੋਂ ਗਰੀਬ ਕੁੱਝ ਦੇਸ਼ਾਂ ਨੇ ਅਜੇ ਵੀ 2 ਜਾਂ 3 ਪ੍ਰਤੀਸ਼ਤ ਤੋਂ ਵੱਧ ਟੀਕਾਕਰਨ ਦੀਆਂ ਦਰਾਂ ਪ੍ਰਾਪਤ ਨਹੀਂ ਕੀਤੀਆਂ ਹਨ।
ਇਹ ਵੀ ਪੜ੍ਹੋ : ਚੀਨ ਨੇ ਤਾਕਤ ਦਿਖਾਉਣ ਲਈ ਤਾਈਵਾਨ ਵੱਲ ਭੇਜੇ 19 ਲੜਾਕੂ ਜਹਾਜ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।