ਊਰਜਾ ਸੰਕਟ ਝੱਲ ਰਹੇ ਪਾਕਿ ਨੂੰ ਵੱਡਾ ਝਟਕਾ, ਪੈਟਰੋਲੀਅਮ ਡੀਲਰਾਂ ਨੇ ਕੀਤਾ ਹੜਤਾਲ ਦਾ ਐਲਾਨ
Tuesday, Jul 05, 2022 - 05:04 PM (IST)
![ਊਰਜਾ ਸੰਕਟ ਝੱਲ ਰਹੇ ਪਾਕਿ ਨੂੰ ਵੱਡਾ ਝਟਕਾ, ਪੈਟਰੋਲੀਅਮ ਡੀਲਰਾਂ ਨੇ ਕੀਤਾ ਹੜਤਾਲ ਦਾ ਐਲਾਨ](https://static.jagbani.com/multimedia/2022_7image_17_04_284368837pak.jpg)
ਇਸਲਾਮਾਬਾਦ- ਪਾਕਿਸਤਾਨ 'ਚ ਵਧਦੇ ਊਰਜਾ ਸੰਕਟ ਦੇ ਵਿਚਾਲੇ ਪੈਟਰੋਲ ਆਊਟਲੇਟ ਮਾਲਕਾਂ ਨੇ ਸ਼ਾਹਬਾਜ਼ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਪੈਟਰੋਲੀਅਮ ਡੀਲਰਾਂ ਨੇ 18 ਜੁਲਾਈ 2022 ਤੋਂ ਪੂਰੀ ਤਰ੍ਹਾਂ ਨਾਲ ਹੜਤਾਲ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦਾ ਮਾਸਿਕ ਈਂਧਨ ਤੇਲ ਆਯਾਤ ਜੂਨ 'ਚ ਚਾਰ ਸਾਲ ਦੇ ਉੱਚ ਪੱਧਰ 'ਤੇ ਪਹੁੰਚਣ ਲਈ ਤਿਆਰ ਹੈ। ਦਿ ਨਿਊਜ਼ ਇੰਟਰਨੈਸ਼ਨਲ ਨੇ ਰਿਫਾਇਨੀਟਿਵ ਡਾਟਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੇਸ਼ ਭਾਰੀ ਗਰਮੀ ਦੇ ਵਿਚਾਲੇ ਬਿਜਲੀ ਉਤਪਾਦਨ ਦੇ ਲਈ ਤਰਲੀਕ੍ਰਿਤ ਕੁਦਰਤੀ ਗੈਸ (ਐੱਲ.ਐੱਨ.ਜੀ.) ਖਰੀਦਣ ਲਈ ਸੰਘਰਸ਼ ਕਰ ਰਿਹਾ ਹੈ।
ਮੀਡੀਆ ਰਿਪੋਰਟ ਦੇ ਅਨੁਸਾਰ ਆਯਾਤ ਪਿਛਲੀ ਵਾਰ ਮਈ 2018 'ਚ 680,000 ਟਨ ਅਤੇ ਜੂਨ 2017 'ਚ 741,000 ਟਨ 'ਤੇ ਪਹੁੰਚ ਗਿਆ ਸੀ। ਵਰਤਮਾਨ 'ਚ ਡੀਲਰਾਂ ਨੂੰ ਡੀਜ਼ਲ 'ਤੇ 3.20 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 'ਤੇ 3.90 ਰੁਪਏ ਲੀਟਰ ਦੀ ਦਰ ਨਾਲ ਕਟੌਤੀ ਤੋਂ ਬਾਅਦ ਮਾਰਜਨ ਮਿਲ ਰਿਹਾ ਹੈ, ਹਾਲਾਂਕਿ ਪਿਛਲੀ ਪੀ.ਟੀ.ਆਈ. ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਮਾਰਜਨ ਨੂੰ ਵਧਾ ਕੇ 4.5 ਫੀਸਦੀ ਕੀਤਾ ਜਾਵੇਗਾ। ਡਾਨ ਦੇ ਅਨੁਸਾਰ ਪਾਕਿਸਤਾਨ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ (ਪੀ.ਪੀ.ਡੀ.ਏ) ਦੇ ਪ੍ਰਧਾਨ ਅਬਦੁੱਲ ਸਾਮੀ ਖਾਨ ਨੇ ਕਿਹਾ ਕਿ ਘੱਟ ਮਾਰਜਨ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਬੰਦ ਕਰਨ ਲਈ ਮਜ਼ਬੂਰ ਕਰ ਰਿਹਾ ਹੈ ਅਤੇ ਇਸ ਨੂੰ 6 ਫੀਸਦੀ ਤੱਕ ਵਧਾਇਆ ਜਾਣਾ ਚਾਹੀਦਾ।
ਪੀ.ਪੀ.ਡੀ.ਏ. ਦੇ ਪ੍ਰਧਾਨ ਨੇ ਆਰਥਿਕ ਅਸਥਿਰਤਾ ਅਤੇ ਊਰਜਾ ਅਤੇ ਈਂਧਨ ਦੀ ਵਧਦੀ ਮੰਗ ਲਈ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਦੀ ਵੀ ਆਲੋਚਨਾ ਕੀਤੀ, ਕਿਉਂਕਿ ਉਨ੍ਹਾਂ ਨੇ ਦੱਸਿਆ ਕਿ ਡੀਲਰਾਂ ਨੂੰ ਈਂਧਨ ਦੀਆਂ ਕੀਮਤਾਂ 'ਚ ਵਾਧੇ ਨਾਲ ਕੁਝ ਨਹੀਂ ਮਿਲਦਾ ਹੈ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਹਨ ਉਦੋਂ ਤੱਕ ਵਿਰੋਧ ਰੱਖਣ ਦੀ ਕਸਮ ਖਾਧੀ। ਉਨ੍ਹਾਂ ਨੇ ਕਿਹਾ ਕਿ ਡੀਲਰਾਂ ਦੀ ਪ੍ਰਤੀ ਲੀਟਰ ਕੀਮਤ 5 ਰੁਪਏ ਹੋ ਗਈ ਹੈ, ਜਦੋਂਕਿ ਬਿਜਲੀ ਦੀ ਲਾਗਤ ਪਿਛਲੇ ਸਾਲ ਦੀ ਤੁਲਨਾ 'ਚ ਦੁੱਗਣੀ ਹੋ ਗਈ ਹੈ।
ਰੂਸ-ਯੂਕ੍ਰੇਨ ਯੁੱਧ ਦੇ ਰਾਜਨੀਤਿਕ ਨਤੀਜਿਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਕੌਮਾਂਤਰੀ ਬਾਜ਼ਾਰ 'ਚ ਬਹੁਤ ਘੱਟ ਉਪਲੱਬਧ ਹੋਣ ਦੇ ਕਾਰਨ ਪਾਕਿਸਤਾਨ ਦਾ ਊਰਜਾ ਸੰਕਟ ਹੋਰ ਜ਼ਿਆਦਾ ਖਰਾਬ ਹੋਣ ਵਾਲਾ ਹੈ ਕਿਉਂਕਿ ਦੇਸ਼ ਐੱਲ.ਐੱਨ.ਜੀ. ਨੂੰ ਸਸਤੀ ਦਰ 'ਤੇ ਖਰੀਦਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਈਂਧਨ ਦੀਆਂ ਕੀਮਤਾਂ 'ਚ ਵਾਧੇ ਦੇ ਬਾਅਦ ਪਾਕਿਸਤਾਨ ਦੇ ਊਰਜਾ ਉਤਪਾਦਨ ਦੀ ਲਾਗਤ 'ਚ ਵਾਧਾ ਹੋਇਆ ਹੈ। ਪਾਕਿਸਤਾਨ ਦੀ ਦੋ-ਤਿਹਾਈ ਬਿਜਲੀ ਉਤਪਾਦਨ ਜੀਵਾਸ਼ਮ ਈਂਧਨ 'ਤੇ ਆਧਾਰਿਤ ਹੈ। ਐੱਲ.ਐੱਨ.ਜੀ. ਦੀ ਵਧਦੀ ਲਾਗਤ ਦੇ ਕਾਰਨ ਊਰਜਾ ਸੰਕਟ ਵਿਗੜਦਾ ਜਾ ਰਿਹਾ ਹੈ ਅਤੇ ਪਾਕਿਸਤਾਨ ਊਰਜਾ ਸੰਸਾਧਨਾਂ ਦੀ ਘਾਟ ਦੇ ਕਾਰਨ ਲਗਾਤਾਰ ਤੀਜੇ ਸ਼ੀਤਕਾਲੀਨ ਊਰਜਾ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਹੈ।