ਪੈਟਰੋਲ-ਡੀਜ਼ਲ ਦੀਆਂ ਕੀਮਤਾਂ 400 ਰੁਪਏ ਦੇ ਪਾਰ, ਸ਼੍ਰੀਲੰਕਾ ''ਚ 2022 ਵਰਗੇ ਆਰਥਿਕ ਸੰਕਟ ਦੀ ਮੁੜ ਦਸਤਕ

Monday, Mar 23, 2026 - 02:09 AM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 400 ਰੁਪਏ ਦੇ ਪਾਰ, ਸ਼੍ਰੀਲੰਕਾ ''ਚ 2022 ਵਰਗੇ ਆਰਥਿਕ ਸੰਕਟ ਦੀ ਮੁੜ ਦਸਤਕ

ਕੋਲੰਬੋ : ਮੱਧ ਪੂਰਬ ਵਿੱਚ ਜਾਰੀ ਜੰਗ ਅਤੇ ਤਣਾਅ ਦਾ ਅਸਰ ਹੁਣ ਗੁਆਂਢੀ ਦੇਸ਼ ਸ਼੍ਰੀਲੰਕਾ ਦੀ ਆਰਥਿਕਤਾ ’ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਸ਼੍ਰੀਲੰਕਾ ਸਰਕਾਰ ਨੇ ਐਤਵਾਰ ਨੂੰ ਈਂਧਨ ਦੀਆਂ ਕੀਮਤਾਂ ਵਿੱਚ ਲਗਭਗ 25 ਫੀਸਦੀ ਤੱਕ ਦਾ ਭਾਰੀ ਵਾਧਾ ਕਰ ਦਿੱਤਾ ਹੈ। ਇੱਕ ਹਫ਼ਤੇ ਦੇ ਅੰਦਰ ਇਹ ਦੂਜੀ ਅਤੇ 1 ਮਾਰਚ ਤੋਂ ਬਾਅਦ ਤੀਜੀ ਵਾਰ ਕੀਮਤਾਂ ਵਧਾਈਆਂ ਗਈਆਂ ਹਨ। ਇਸ ਫੈਸਲੇ ਨੇ ਸ਼੍ਰੀਲੰਕਾ ਦੇ ਆਮ ਲੋਕਾਂ ਵਿੱਚ ਹਾਹਾਕਾਰ ਮਚਾ ਦਿੱਤੀ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ
ਈਰਾਨ ’ਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਅਤੇ ਜਵਾਬੀ ਕਾਰਵਾਈ ਕਾਰਨ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਨਾਲ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਦਾ ਖ਼ਮਿਆਜ਼ਾ ਸ਼੍ਰੀਲੰਕਾ ਨੂੰ ਭੁਗਤਣਾ ਪੈ ਰਿਹਾ ਹੈ। ਨਵੀਂ ਕਟੌਤੀ ਤੋਂ ਬਾਅਦ ਕੀਮਤਾਂ ਇਸ ਪ੍ਰਕਾਰ ਹਨ:

  •    ਪੈਟਰੋਲ (92 ਓਕਟੇਨ): 317 ਰੁਪਏ ਤੋਂ ਵਧ ਕੇ 398 ਰੁਪਏ ਪ੍ਰਤੀ ਲੀਟਰ।
  •    ਪੈਟਰੋਲ (95 ਓਕਟੇਨ): ਹੁਣ 455 ਰੁਪਏ ਪ੍ਰਤੀ ਲੀਟਰ।
  •    ਆਟੋ ਡੀਜ਼ਲ: 303 ਰੁਪਏ ਤੋਂ ਵਧ ਕੇ 382 ਰੁਪਏ ਪ੍ਰਤੀ ਲੀਟਰ।
  •    ਸੁਪਰ ਡੀਜ਼ਲ: ਹੁਣ 443 ਰੁਪਏ ਪ੍ਰਤੀ ਲੀਟਰ।
  •    ਮਿੱਟੀ ਦਾ ਤੇਲ (Kerosene): ਇਸ ਵਿੱਚ ਵੀ 30 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ।

2022 ਵਰਗੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ
ਈਂਧਨ ਦੀਆਂ ਇਹ ਕੀਮਤਾਂ ਹੁਣ 2022 ਦੇ ਆਰਥਿਕ ਸੰਕਟ ਦੇ ਪੱਧਰ ਦੇ ਕਰੀਬ ਪਹੁੰਚ ਗਈਆਂ ਹਨ, ਜਦੋਂ ਸ਼੍ਰੀਲੰਕਾ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਖ਼ੁਦ ਨੂੰ ਡਿਫਾਲਟਰ ਘੋਸ਼ਿਤ ਕੀਤਾ ਸੀ ਅਤੇ ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਜਨਤਕ ਅੰਦੋਲਨ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ। ਮਾਹਿਰਾਂ ਅਨੁਸਾਰ, ਇਸ ਵਾਧੇ ਨਾਲ ਦੇਸ਼ ਵਿੱਚ ਮਹਿੰਗਾਈ 5 ਤੋਂ 8 ਫੀਸਦੀ ਤੱਕ ਵਧ ਸਕਦੀ ਹੈ।

ਬੱਸਾਂ ਦੀ ਹੜਤਾਲ ਦੀ ਚਿਤਾਵਨੀ
ਈਂਧਨ ਮਹਿੰਗਾ ਹੋਣ ਕਾਰਨ ਜਨਤਕ ਆਵਾਜਾਈ ’ਤੇ ਵੀ ਗੰਭੀਰ ਸੰਕਟ ਆ ਗਿਆ ਹੈ। ਨਿੱਜੀ ਬੱਸ ਆਪਰੇਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਰਾਏ ਵਿੱਚ ਘੱਟੋ-ਘੱਟ 15 ਫੀਸਦੀ ਵਾਧਾ ਨਾ ਕੀਤਾ ਗਿਆ, ਤਾਂ 90 ਫੀਸਦੀ ਬੱਸਾਂ ਸੜਕਾਂ ਤੋਂ ਹਟ ਸਕਦੀਆਂ ਹਨ। ਨੈਸ਼ਨਲ ਟ੍ਰਾਂਸਪੋਰਟ ਕਮਿਸ਼ਨ ਅਨੁਸਾਰ, ਕਿਰਾਇਆ ਵਧਾਉਣ ਸਬੰਧੀ ਫੈਸਲਾ ਸੋਮਵਾਰ ਨੂੰ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਲਿਆ ਜਾ ਸਕਦਾ ਹੈ।

ਟੈਕਸਾਂ ਨੂੰ ਲੈ ਕੇ ਸਿਆਸਤ ਗਰਮ
ਸ਼੍ਰੀਲੰਕਾ ਵਿੱਚ ਵਿਰੋਧੀ ਧਿਰ ਨੇ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਰਿਪੋਰਟਾਂ ਅਨੁਸਾਰ, ਸ਼੍ਰੀਲੰਕਾ ਵਿੱਚ ਇੱਕ ਲੀਟਰ ਪੈਟਰੋਲ 'ਤੇ 119 ਰੁਪਏ ਅਤੇ ਡੀਜ਼ਲ 'ਤੇ 93 ਰੁਪਏ ਸਿੱਧਾ ਟੈਕਸ ਲੱਗਦਾ ਹੈ। ਵਿਰੋਧੀ ਧਿਰ ਦੀ ਮੰਗ ਹੈ ਕਿ ਜਨਤਾ ਨੂੰ ਰਾਹਤ ਦੇਣ ਲਈ ਇਹ ਟੈਕਸ ਤੁਰੰਤ ਖ਼ਤਮ ਕੀਤੇ ਜਾਣ।


author

Inder Prajapati

Content Editor

Related News