ਇਮਰਾਨ ਦਾ ਵਧਿਆ ਸਿਰਦਰਦ, ਪਾਕਿ ਸਿਆਸਤ ''ਚ ਮੁਸ਼ੱਰਫ ਦੀ ਹੋਣ ਵਾਲੀ ਹੈ ਵਾਪਸੀ

Sunday, Oct 06, 2019 - 01:46 PM (IST)

ਇਮਰਾਨ ਦਾ ਵਧਿਆ ਸਿਰਦਰਦ, ਪਾਕਿ ਸਿਆਸਤ ''ਚ ਮੁਸ਼ੱਰਫ ਦੀ ਹੋਣ ਵਾਲੀ ਹੈ ਵਾਪਸੀ

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਸਿਆਸਤ 'ਚ ਪਰਤਣ ਦੀ ਯੋਜਨਾ ਬਣਾ ਰਹੇ ਹਨ। ਪਰਵੇਜ਼ ਮੁਸ਼ੱਰਫ ਦੀ ਸਿਆਸਤ 'ਚ ਵਾਪਸੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ। ਅਸਲ 'ਚ ਮੁਸ਼ੱਰਫ ਨੇ ਆਪਣੇ ਵਿਗੜਦੀ ਸਿਹਤ ਦੇ ਕਾਰਨ ਸਿਆਸਤ ਤੋਂ ਛੁੱਟੀ ਲੈ ਲਈ ਸੀ। ਹੁਣ ਉਨ੍ਹਾਂ ਦੀ ਆਲ ਪਾਕਿਸਤਾਨ ਮੁਸਲਿਮ ਲੀਗ ਦਾ ਕਹਿਣਾ ਹੈ ਕਿ ਮੁਸ਼ੱਰਫ ਦੀ ਸਿਹਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ ਤੇ ਉਹ ਦੇਸ਼ ਦੀ ਸਿਆਸਤ 'ਚ ਪਰਤਣ ਦੀ ਯੋਜਨਾ ਬਣਾ ਰਹੇ ਹਨ।

ਸਿਆਸੀ ਪਾਰਟੀ ਆਲ ਪਾਕਿਸਤਾਨ ਲੀਗ ਦੇ ਮੁਖੀ ਪਰਵੇਜ਼ ਮੁਸ਼ੱਰਫ 6 ਅਕਤੂਬਰ ਨੂੰ ਵਾਪਸੀ ਦਾ ਐਲਾਨ ਕਰ ਸਕਦੇ ਹਨ। 6 ਅਕਤੂਬਰ ਨੂੰ ਉਨ੍ਹਾਂ ਦੀ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਪਰਵੇਜ਼ ਮੁਸ਼ੱਰਫ ਆਪਣੀ ਸਿਆਸਤ 'ਚ ਵਾਪਸੀ ਤੋਂ ਇਲਾਵਾ, 6 ਅਕਤੂਬਰ ਨੂੰ ਦੁਬਈ ਤੋਂ ਇਕ ਵੀਡੀਓ ਕਾਲ ਰਾਹੀਂ ਪਾਰਟੀ ਮੈਂਬਰਾਂ ਨੂੰ ਸੰਬੋਧਨ ਵੀ ਕਰਨਗੇ। ਪਾਰਟੀ ਦੀ ਜਨਰਲ ਸਕੱਤਰ ਮਹਰੀਨ ਮਲਿਕ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਨੇ ਬੀਤੇ ਮਹੀਨੇ ਲੰਡਨ ਦੇ ਇਕ ਹਸਪਤਾਲ ਦੇ 12 ਦਿਨਾਂ ਤੱਕ ਇਲਾਜ ਕਰਵਾਇਆ ਸੀ। ਹੁਣ ਉਹ ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਹੇ ਹਨ ਤੇ ਦੁਬਈ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਮੁਸ਼ੱਰਫ ਦੇ ਹੁਕਮ ਤੋਂ ਬਾਅਦ ਹੁਣ ਪਾਰਟੀ ਸਾਰੇ ਪਾਕਿਸਤਾਨ 'ਚ ਆਪਣੀਆਂ ਸਿਆਸੀ ਗਤੀਵਿਧੀਆਂ ਸ਼ੁਰੂ ਕਰਨ ਜਾ ਰਹੀ ਹੈ।

ਮੁਸ਼ੱਰਫ ਮਾਰਚ 2016 ਤੋਂ ਦੁਬਈ 'ਚ ਰਹਿ ਰਹੇ ਹਨ। 76 ਸਾਲਾ ਜਨਰਲ ਮੁਸ਼ੱਰਫ 'ਤੇ ਸੰਵਿਧਾਨ ਨੂੰ ਮੁਅੱਤਲ ਕਰਨ ਲਈ ਦੇਸ਼ਧਰੋਹ ਦਾ ਮਾਮਲਾ ਚੱਲ ਰਿਹਾ ਹੈ। ਪਾਕਿਸਤਾਨ ਇਸ ਤਰ੍ਹਾਂ ਦੇ ਅਪਰਾਧ ਲਈ ਦੋਸ਼ੀ ਨੂੰ ਉਮਰ ਕੈਦ ਜਾਂ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ।


author

Baljit Singh

Content Editor

Related News