ਪੇਰੂ ਦੀ ਨਵੀਂ ਰਾਸ਼ਟਰਪਤੀ ਨੇ ਆਪਣੇ ਮੰਤਰੀ ਮੰਡਲ ਨੂੰ ਚੁਕਾਈ ਭ੍ਰਿਸ਼ਟਾਚਾਰ ''ਚ ਸ਼ਾਮਲ ਨਾ ਹੋਣ ਦੀ ਸਹੁੰ
Sunday, Dec 11, 2022 - 03:45 PM (IST)
ਲੀਮਾ (ਭਾਸ਼ਾ)- ਪੇਰੂ ਦੀ ਨਵੀਂ ਰਾਸ਼ਟਰਪਤੀ ਦੀਨਾ ਬੋਲੁਆਰਤੇ ਨੇ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦੇ 3 ਦਿਨ ਬਾਅਦ ਸ਼ਨੀਵਾਰ ਨੂੰ ਨਵੇਂ ਮੰਤਰੀ ਮੰਡਲ ਨੂੰ ਸਹੁੰ ਚੁਕਾਈ ਅਤੇ ਆਪਣੇ ਹਰੇਕ ਮੰਤਰੀ ਨੂੰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਨਾ ਹੋਣ ਦਾ ਸੰਕਲਪ ਲੈਣ ਲਈ ਕਿਹਾ। ਪੇਡਰੋ ਕੈਸਟੀਲੋ ਨੂੰ ਬੁੱਧਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾ ਰਹੀ ਬੋਲੁਆਰਤੇ ਨੂੰ ਰਾਸ਼ਟਰਪਤੀ ਬਣਾਇਆ ਗਿਆ।
ਉਨ੍ਹਾਂ ਨੇ ਮੰਤਰੀ ਮੰਡਲ ਲਈ 17 ਮੰਤਰੀਆਂ ਦੀ ਚੋਣ ਕੀਤੀ, ਜੋ ਇਹ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ ਕਿ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਇਸ ਦੱਖਣੀ ਅਮਰੀਕੀ ਦੇਸ਼ ਵਿੱਚ ਸਥਿਤੀ ਸੰਭਾਲੇਗੀ ਜਾਂ ਖ਼ਰਾਬ ਹੋਵੇਗੀ। ਬੋਲੁਆਰਤੇ ਨੇ ਅਜਿਹੇ ਸਮੇਂ ਵਿੱਚ ਆਪਣੇ ਮੰਤਰੀਆਂ ਨੂੰ ਸਹੁੰ ਚੁਕਾਈ ਹੈ, ਜਦੋਂ ਪੇਰੂ ਵਿੱਚ ਬਹੁਤ ਸਾਰੇ ਲੋਕ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ ਦੇਸ਼ ਵਿੱਚ ਆਮ ਚੋਣਾਂ ਹੋਣੀਆਂ ਚਾਹੀਦੀਆਂ ਹਨ। ਬੋਲੁਆਰਤੇ (60) ਨੇ ਸ਼ਨੀਵਾਰ ਨੂੰ ਮੰਤਰੀ ਮੰਡਲ ਵਿਚ ਸ਼ਾਮਲ 9 ਪੁਰਸ਼ਾਂ ਅਤੇ 8 ਔਰਤਾਂ ਨੂੰ "ਭ੍ਰਿਸ਼ਟਾਚਾਰ ਕੀਤੇ ਬਿਨਾਂ ਵਫ਼ਾਦਾਰੀ ਅਤੇ ਇਮਾਨਦਾਰੀ ਨਾਲ" ਆਪਣੀ ਡਿਊਟੀ ਨਿਭਾਉਣ ਲਈ ਸਹੁੰ ਚੁੱਕਣ ਲਈ ਕਿਹਾ।