ਫਿਲੀਪੀਨ ’ਚ ਤੂਫਾਨ ਨੂੰ ਸੁਨਾਮੀ ਸਮਝ ਬੈਠੇ ਪਿੰਡ ਵਾਸੀ, ਦਰਜਨਾਂ ਲੋਕਾਂ ਦੀ ਮੌਤ
Monday, Oct 31, 2022 - 05:04 AM (IST)
ਮਨੀਲਾ (ਏ. ਪੀ.) : ਫਿਲੀਪੀਨ ਦੇ ਕੁਸੇਓਂਗ ਪਿੰਡ ਦੇ ਨਿਵਾਸੀ ਐਤਵਾਰ ਨੂੰ ਤੂਫਾਨ ਨੂੰ ਸੁਨਾਮੀ ਸਮਝ ਬੈਠੇ, ਜਿਸ ਕਾਰਨ ਉਹ ਪਹਾੜ ਤੋਂ ਉੱਚੀ ਥਾਂ ’ਤੇ ਚਲੇ ਗਏ ਅਤੇ ਫਿਰ ਉੱਥੇ ਜ਼ਿੰਦਾ ਦਫਨ ਹੋ ਗਏ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਵਾਸੀਆਂ ਨੂੰ ਇਹ ਗਲਤਫਹਿਮੀ ਇਸ ਲਈ ਹੋਈ ਕਿਉਂਕਿ ਕੁਸੇਓਂਗ ਇਸ ਤੋਂ ਪਹਿਲਾਂ ਵੀ ਭਿਆਨਕ ਸੁਨਾਮੀ ਦਾ ਸਾਹਮਣਾ ਕਰ ਚੁੱਕਾ ਸੀ।
ਐਤਵਾਰ ਤੜਕੇ ਫਿਲੀਪੀਨ ਦੇ ਉੱਤਰੀ-ਪੱਛਮੀ ਤੱਟ ਨਾਲ ਟਕਰਾਉਣ ਵਾਲੇ ‘ਨਾਲਗੇ’ ਗਰਮ ਖੰਡੀ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਿੱਸਿਆਂ ’ਚ ਸ਼ਾਮਲ ਦੱਖਣੀ ਸੂਬੇ ਮੈਗਵਿੰਡਾਨਾਓ ਦੇ ਕੁਸੇਓਂਗ ਪਿੰਡ ’ਚ ਦੂਰ-ਦੂਰ ਤੱਕ ਲੱਗੇ ਚਿੱਕੜ ਦੇ ਢੇਰਾਂ 'ਚੋਂ ਬਚਾਅ ਕਰਮੀਆਂ ਨੇ ਹੁਣ ਤੱਕ ਘੱਟੋ-ਘੱਟ 18 ਲਾਸ਼ਾਂ ਕੱਢੀਆਂ ਹਨ। ਸਾਬਕਾ ਗੁਰੀਲਾ ਕੱਟੜਪੰਥੀਆਂ ਵਲੋਂ ਸ਼ਾਸਨ ਵਾਲੇ ਪੰਜ ਮੁਸਲਿਮ ਪ੍ਰਾਂਤਾਂ ਦੇ ਖੁਦਮੁਖਤਿਆਰ ਖੇਤਰ ਦੇ ਗ੍ਰਹਿ ਮੰਤਰੀ ਨਜੀਬ ਸਿਨਾਰੀਮਬੋ ਨੇ ਕਿਹਾ ਕਿ ਅਧਿਕਾਰੀਆਂ ਨੂੰ ਡਰ ਹੈ ਕਿ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਸਵੇਰੇ ਕੁਸੇਓਂਗ ਪਿੰਡ ’ਚ 80 ਤੋਂ 100 ਲੋਕ ਹੜ੍ਹ ਦੇ ਪਾਣੀ ’ਚ ਵਹਿ ਗਏ ਜਾਂ ਦੱਬੇ ਗਏ।
ਇਹ ਵੀ ਪੜ੍ਹੋ : ਗੁਜਰਾਤ ਸਰਕਾਰ ਨੇ ਮੋਰਬੀ ਹਾਦਸੇ ਦੀ ਲਈ ਜ਼ਿੰਮੇਵਾਰੀ, ਹੁਣ ਤੱਕ 91 ਲੋਕਾਂ ਦੀ ਮੌਤ
‘ਨਾਲਗੇ’ ਦੌਰਾਨ ਫਿਲੀਪੀਨ ’ਚ ਭਾਰੀ ਮੀਂਹ ਪਿਆ, ਜਿਸ ਕਾਰਨ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ। ਜਾਨ ਗੁਆਉਣ ਵਾਲਿਆਂ ’ਚ ਕੁਸੇਓਂਗ ਪਿੰਡ ਦੇ ਲੋਕ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਤੂਫਾਨ ਨੇ ਤਬਾਹੀ ਦੇ ਲਿਹਾਜ਼ ਨਾਲ ਸਭ ਤੋਂ ਕਮਜ਼ੋਰ ਦੇਸ਼ਾਂ ’ਚੋਂ ਇਕ ਫਿਲੀਪੀਨ ’ਚ ਬਹੁਤ ਤਬਾਹੀ ਮਚਾਈ ਹੈ। ਕੁਸੇਓਂਗ ਪਿੰਡ ਲਈ ਇਹ ਤਬਾਹੀ ਹੋਰ ਵੀ ਦੁਖਦਾਈ ਹੈ, ਜੋ ਕਿ ‘ਟੇਡੂਰੇ’ ਨਸਲੀ ਘੱਟਗਿਣਤੀ ਦੀ ਸੰਘਣੀ ਆਬਾਦੀ ਵਾਲੇ ਖੇਤਰ ਹੈ ਕਿਉਂਕਿ ਇਸ ਦੇ 2,000 ਤੋਂ ਵੱਧ ਪਿੰਡ ਵਾਸੀ ਸੁਨਾਮੀ ਤੋਂ ਬਚਣ ਲਈ ਦਹਾਕਿਆਂ ਤੋਂ ਹਰ ਸਾਲ ਆਫ਼ਤ ਪ੍ਰਬੰਧਨ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ਦੇ ਵਿਰੁੱਧ ਜੰਗ ’ਚ ਰੂਸ ਨੂੰ ਮਿਲਿਆ ਈਰਾਨ ਅਤੇ ਮਿਆਂਮਾਰ ਦਾ ਸਾਥ
ਇਹ ਪਿੰਡ ਸੁਨਾਮੀ ਕਾਰਨ ਹੋਈ ਭਿਆਨਕ ਤਬਾਹੀ ਦਾ ਵੀ ਗਵਾਹ ਰਿਹਾ ਹੈ। ਸਿਨਾਰੀਮਬੋ ਨੇ ਕਿਹਾ ਕਿ ਪਿੰਡ ਵਾਸੀ, ਹਾਲਾਂਕਿ, ਮਾਈਂਡਰ ਪਹਾੜ ਤੋਂ ਖਤਰੇ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਸਨ। ਉਸ ਨੇ ਕੁਸੇਓਂਗ ਦੇ ਨਿਵਾਸੀਆਂ ਦੇ ਹਵਾਲੇ ਨਾਲ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ, “ਜਦੋਂ ਲੋਕਾਂ ਨੇ ਚਿਤਾਵਨੀ ਘੰਟੀ ਦੀ ਆਵਾਜ਼ ਸੁਣੀ ਤਾਂ ਉਹ ਦੌੜਨ ਲੱਗੇ ਅਤੇ ਇਕ ਉੱਚੀ ਚਰਚ ’ਚ ਇਕੱਠੇ ਹੋ ਗਏ ਪਰ ਇਹ ਸੁਨਾਮੀ ਨਹੀਂ ਸੀ, ਜੋ ਉਨ੍ਹਾਂ ਨੂੰ ਡੋਬ ਦਿੰਦੀ ਸਗੋਂ ਇਹ ਪਾਣੀ ਅਤੇ ਚਿੱਕੜ ਦਾ ਇਕ ਵੱਡਾ ਹੜ੍ਹ ਸੀ, ਜੋ ਪਹਾੜ ਤੋਂ ਹੇਠਾਂ ਆਇਆ ਸੀ।” ਸਿਨਾਰੀਮਬੋ ਨੇ ਕਿਹਾ ਕਿ ਇਸ ਇਕ ਗਲਤਫਹਿਮੀ ਕਾਰਨ ਦਰਜਨਾਂ ਪਿੰਡ ਵਾਸੀਆਂ ਦੀਆਂ ਜਾਨਾਂ ਗਈਆਂ। ਕੁਸੇਓਂਗ ਪਿੰਡ ਮੋਰੋ ਦੀ ਖਾੜੀ ਅਤੇ ਮਿੰਦਰ ਪਹਾੜਾਂ ਦੇ ਵਿਚਕਾਰ ਸਥਿਤ ਹੈ। ਅਗਸਤ 1976 ’ਚ ਮੋਰੋ ਖਾੜੀ ’ਚ ਅਤੇ ਇਸ ਦੇ ਆਲੇ-ਦੁਆਲੇ 8.1 ਤੀਬਰਤਾ ਦੇ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ ਭਾਰੀ ਤਬਾਹੀ ਮਚਾਈ, ਜਿਸ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਜੇਲ੍ਹ ਮੰਤਰੀ ਹਰਜੋਤ ਬੈਂਸ ਦੀ ਵੱਡੀ ਕਾਰਵਾਈ, ਪਟਿਆਲਾ ਜੇਲ੍ਹ ਦੇ 3 ਅਧਿਕਾਰੀ ਕੀਤੇ ਮੁਅੱਤਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।