ਪਾਕਿ ''ਚ ਲੋਕਾਂ ਨੇ ਮਲਾਲਾ ਯੂਸੁਫਜ਼ਈ ਬਾਰੇ ਸਕੂਲੀ ਕਿਤਾਬਾਂ ''ਚੋਂ ਹਟਾਉਣ ਦੀ ਕੀਤੀ ਮੰਗ
Sunday, Jul 11, 2021 - 12:23 PM (IST)
ਇਸਲਾਮਾਬਾਦ (ਬਿਊਰੋ) ਪਾਕਿਸਤਾਨ ਦੇ ਲੋਕਾਂ ਨੇ ਇਕ ਅਜੀਬ ਮੰਗ ਕੀਤੀ ਹੈ। ਇਹਨਾਂ ਲੋਕਾਂ ਨੇ ਪਾਕਿਸਤਾਨ ਵਿਚ ਸਕੂਲੀ ਕਿਤਾਬਾਂ ਵਿਚੋਂ ਸਮਾਜਿਕ ਕਾਰਕੁਨ ਅਤੇ ਕੁੜੀਆਂ ਦੀ ਸਿੱਖਿਆ ਲਈ ਆਵਾਜ਼ ਚੁੱਕਣ ਵਾਲੀ ਮਲਾਲਾ ਯੂਸੁਫਜ਼ਈ ਬਾਰੇ ਪੜ੍ਹਾਏ ਜਾਣ ਵਾਲੇ ਚੈਪਟਰ ਨੂੰ ਹਟਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਵਿਚ ਤੇਜ਼ੀ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਮਲਾਲਾ ਯੂਸੁਫਜ਼ਈ ਨੂੰ ਸਕੂਲੀ ਕਿਤਾਬਾਂ ਵਿਚੋਂ ਹਟਾ ਦਿੱਤਾ ਜਾਵੇ।
ਮਲਾਲਾ ਦਾ ਵਿਰੋਧ
ਅਸਲ ਵਿਚ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਮਲਾਲਾ ਯੂਸੁਫਜ਼ਈ ਬਾਰੇ ਸਕੂਲੀ ਕਿਤਾਬਾਂ ਵਿਚ ਪੜ੍ਹਾਇਆ ਜਾਂਦਾ ਹੈ। ਪੰਜਾਬ ਸੂਬੇ ਵਿਚ ਸਕੂਲੀ ਕਿਤਾਬਾਂ ਵਿਚ ਇਕ ਚੈਪਟਰ ਹੈ ਜਿਸਦਾ ਨਾਮ 'ਪਾਕਿਸਤਾਨ ਦੇ ਮਹੱਤਵਪੂਰਨ ਲੋਕ' ਹਨ, ਜਿਸ ਵਿਚ ਮਲਾਲਾ ਯੂਸੁਫਜ਼ਈ ਦੇ ਬਾਰੇ ਵੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਇਸ ਨੂੰ ਲੈਕੇ ਪਾਕਿਸਤਾਨ ਵਿਚ ਕਾਫੀ ਵਿਰੋਧ ਹੋ ਰਿਹਾ ਹੈ ਅਤੇ ਲੋਕ ਇਮਰਾਨ ਖਾਨ ਨੂੰ ਟਵਿੱਟਰ 'ਤੇ ਟੈਗ ਕਰਕੇ ਮਲਾਲਾ ਨੂੰ ਸਕੂਲੀ ਕਿਤਾਬਾਂ ਵਿਚੋਂ ਹਟਾਉਣ ਦੀ ਮੰਗ ਕਰ ਰਹੇ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਕਿਤਾਬ ਦੀ ਇਕ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਹੈ ਜਿਸ ਵਿਚ ਮਲਾਲਾ ਨੂੰ ਅੱਲਾਮਾ ਇਕਬਾਲ, ਚੌਧਰੀ ਰਹਿਮਤ ਅਲੀ, ਲਿਆਕਤ ਅਲੀ ਖਾਨ, ਮੁਹੰਮਦ ਅਲੀ ਜਿੰਨਾਹ, ਬੇਗਮ ਰਾਣਾ ਲਿਆਕਤ ਅਲੀ ਅਤੇ ਅਬਦੁੱਲ ਸੱਤਾਰ ਏਥੀ ਨਾਲ ਦਿਖਾਇਆ ਗਿਆ ਹੈ ਅਤੇ ਇਸ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਅੱਗ ਦਾ ਜਾਇਜਾ ਲੈਣ ਪਹੁੰਚਿਆ ਜਹਾਜ਼ ਹਾਦਸਾਗ੍ਰਸਤ, ਦੋ ਦਮਕਲ ਕਰਮੀਆਂ ਦੀ ਮੌਤ
ਲੋਕਾਂ ਵਿਚ ਮਲਾਲਾ ਖ਼ਿਲਾਫ਼ ਗੁੱਸਾ
ਕਈ ਸੋਸ਼ਲ ਮੀਡੀਆ ਯੂਜ਼ਰ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਤੋਂ ਮਲਾਲਾ ਬਾਰੇ ਸਕੂਲੀ ਕਿਤਾਬ ਵਿਚੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਇਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕਿਤਾਬ ਦੇ ਪ੍ਰਕਾਸ਼ਿਤ ਹੋਣ ਦੀ ਤਾਰੀਖ਼ ਸ਼ੇਅਰ ਕਰਦਿਆਂ ਮਲਾਲਾ ਨੂੰ ਸਕੂਲੀ ਕਿਤਾਬ ਵਿਚੋਂ ਹਟਾਉਣ ਦੀ ਮੰਗ ਕੀਤੀ ਹੈ। ਉੱਥੇ ਪੰਜਾਬ ਦੀ ਸੂਬਾਈ ਸਰਕਾਰ ਨੇ ਹੁਣ ਤੱਕ ਸੋਸ਼ਲ ਮੀਡੀਆ ਯੂਜ਼ਰਾਂ ਦੀ ਇਸ ਮੰਗ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਸਕੂਲ ਦਾ ਨਾਮ ਬਦਲਣ 'ਤੇ ਵਿਵਾਦ
ਇਸੇ ਤਰ੍ਹਾਂ ਦੀ ਇਕ ਘਟਨਾ ਵਿਚ ਸਿੰਧ ਸਰਕਾਰ ਨੇ ਇਕ ਸਰਕਾਰੀ ਸਕੂਲ ਦਾ ਨਾਮ ਮਲਾਲਾ 'ਤੇ ਰੱਖਣ ਦਾ ਐਲਾਨ ਕੀਤਾ ਸੀ ਅਤੇ ਕਰਾਚੀ ਸਥਿਤ ਇਕ ਸਰਕਾਰੀ ਸਕੂਲ ਦਾ ਨਾਮ ਬਦਲ ਕੇ ਮਲਾਲਾ ਯੂਸੁਫਜ਼ਈ ਕਰਨ ਦਾ ਫ਼ੈਸਲਾ ਲਿਆ ਸੀ। ਮੂਲ ਰੂਪ ਨਾਲ ਸੇਠ ਕੂਵਰਜੀ ਖਿਮਜ਼ੀ ਲੋਹਾਨਾ ਗੁਜਰਾਤੀ ਸਕੂਲ ਦਾ ਨਾਮ ਬਦਲ ਕੇ ਮਲਾਲਾ ਯੂਸੁਫਜ਼ਈ ਸਰਕਾਰੀ ਗਰਲਜ਼ ਸੈਕੰਡਰੀ ਸਕੂਲ ਕਰ ਦਿੱਤਾ ਗਿਆ। ਇਹ ਸਕੂਲ ਕਰਾਚੀ ਦੇ ਮਿਸ਼ਨ ਰੋਡ 'ਤੇ ਸਥਿਤ ਹੈ ਪਰ ਸਕੂਲ ਦਾ ਨਾਮ ਬਦਲਣ ਮਗਰੋਂ ਹੀ ਬਖੇੜਾ ਖੜ੍ਹਾ ਹੋ ਗਿਆ ਅਤੇ ਸਥਾਨਕ ਨਾਗਰਿਕਾਂ ਨੇ ਨਾਮ ਵਾਪਸ ਬਦਲਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।
ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਸ਼ਹਿਰ ਦੇ ਇਤਿਹਾਸ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ। ਕਰਾਚੀ ਦੇ ਮਨੁੱਖੀ ਅਧਿਕਾਰ ਕਾਰਕੁਨ ਕਪਿਲ ਦੇਵ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਸਿੰਧ ਸਰਕਾਰ ਨੂੰ ਕਿਸੇ ਹੋਰ ਸਰਕਾਰੀ ਸਕੂਲ ਦਾ ਨਾਮ ਬਦਲ ਕੇ ਮਲਾਲਾ ਦੇ ਨਾਮ 'ਤੇ ਰੱਖਣਾ ਚਾਹੀਦਾ ਹੈ। ਪਾਕਿਸਤਾਨ ਦੇ ਹਿੰਦੂ ਭਾਈਚਾਰੇ ਨੇ ਕਿਹਾ ਹੈ ਕਿ ਉਹਨਾਂ ਨੂੰ ਮਲਾਲਾ ਨਾਲ ਕੋਈ ਮੁਸ਼ਕਲ ਨਹੀਂ ਹੈ।ਉਹ ਵੀ ਚਾਹੁੰਦੇ ਹਨ ਕਿ ਮਲਾਲਾ ਦੇ ਨਾਮ 'ਤੇ ਸਕੂਲ ਦਾ ਨਾਮ ਰੱਖਿਆ ਜਾਵੇ ਪਰ ਮਲਾਲਾ ਦੇ ਨਾਮ ਦੀ ਆੜ ਵਿਚ ਹਿੰਦੂਆਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ।
ਮਲਾਲਾ ਦੇ ਪਰਿਵਾਰ ਦੀ ਪ੍ਰਤੀਕਿਰਿਆ
ਉੱਥੇ ਸਕੂਲ ਦਾ ਨਾਮ ਬਦਲਣ ਦੀ ਮੰਗ 'ਤੇ ਮਲਾਲਾ ਦੇ ਪਰਿਵਾਰ ਵੱਲੋਂ ਪ੍ਰਤੀਕਿਰਿਆ ਆਈ ਹੈ ਅਤੇ ਮਲਾਲਾ ਦੇ ਪਿਤਾ ਨੇ ਵੀ ਲੋਕਾਂ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਸਾਨੂੰ ਇਤਿਹਾਸ ਨੂੰ ਬਦਲਣ ਦੀ ਜਾਂ ਕਿਸੇ ਦਾ ਨਾਮ ਮਿਟਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉੱਥੇ ਪਾਕਿਸਤਾਨ ਵਿਚ ਹੁਣ ਕੁਝ ਲੋਕ ਇਹ ਵੀ ਪੁੱਛ ਰਹੇਹ ਨ ਕਿ ਆਖਿਰ ਮਲਾਲਾ ਦੇ ਬਾਰੇ ਕਿਤਾਬ ਵਿਚ ਜਿਹੜੀਆਂ ਗੱਲਾਂ ਦੱਸੀਆਂ ਗਈਆਂ ਹਨ ਉਹ ਚੰਗੀਆਂ ਹਨ ਤਾਂ ਉਹਨਾਂ ਨੂੰ ਹਟਾਉਣ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਸੀਨੀਅਰ ਪੱਤਰਕਾਰ ਨਾਇਲਾ ਇਨਾਯਤ ਖਾਨ ਨੇ ਟਵੀਟ ਕਰ ਕੇ ਪੁੱਛਿਆ ਹੈ ਕਿ ਮਲਾਲਾ ਨੂੰ ਕਿਤਾਬ ਤੋਂ ਹਟਾ ਕੇ ਕੁਝ ਲੋਕ ਹੁਣ ਓਸਾਮਾ ਬਿਨ ਲਾਦੇਨ ਦੀ ਜੀਵਨੀ ਪੜ੍ਹਨਾ ਚਾਹੁੰਦੇ ਹਨ।