ਪੱਛਮੀ ਵਰਜੀਨੀਆ ''ਚ 42 ਲੋਕਾਂ ਨੂੰ ਗਲਤੀ ਨਾਲ ਕੋਰੋਨਾ ਟੀਕੇ ਦੀ ਥਾਂ ਲਗਾਇਆ ਹੋਰ ਟੀਕਾ

Friday, Jan 01, 2021 - 10:52 PM (IST)

ਪੱਛਮੀ ਵਰਜੀਨੀਆ ''ਚ 42 ਲੋਕਾਂ ਨੂੰ ਗਲਤੀ ਨਾਲ ਕੋਰੋਨਾ ਟੀਕੇ ਦੀ ਥਾਂ ਲਗਾਇਆ ਹੋਰ ਟੀਕਾ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਵੈਸਟ ਵਰਜੀਨੀਆ "ਚ ਟੀਕਾਕਰਨ ਪ੍ਰਕਿਰਿਆ ਵਿਚ ਹੋਈ ਗਲਤੀ ਕਾਰਨ 42 ਦੇ ਕਰੀਬ ਲੋਕਾਂ ਨੂੰ ਕੋਰੋਨਾ ਟੀਕੇ ਦੀ ਜਗ੍ਹਾ ਹੋਰ ਟੀਕਾ ਲਗਾ ਦਿੱਤਾ ਗਿਆ । ਇਸ ਮਾਮਲੇ ਬਾਰੇ  ਨੈਸ਼ਨਲ ਗਾਰਡ ਨੇ ਵੀਰਵਾਰ ਨੂੰ ਦੱਸਿਆ ਕਿ ਪੱਛਮੀ ਵਰਜੀਨੀਆ ਦੀ ਬੂਨ ਕਾਉਂਟੀ ਵਿਚ ਬੁੱਧਵਾਰ ਦੇ ਦਿਨ 42 ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਜਾਣਾ ਸੀ ਪਰ ਉਨ੍ਹਾਂ ਨੂੰ ਗ਼ਲਤੀ ਨਾਲ ਇਕ ਪ੍ਰਯੋਗਾਤਮਿਕ ਮੋਨੋਕਲੋਨਲ ਐਂਟੀਬਾਡੀ ਇਲਾਜ ਦਾ ਟੀਕਾ ਲਗਾ ਦਿੱਤਾ ਗਿਆ ਜਦਕਿ ਟੀਕਾ ਲੱਗਣ ਤੋਂ ਬਾਅਦ 42 ਵਿਅਕਤੀਆਂ ਵਿਚੋਂ ਕਿਸੇ 'ਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਪਿਆ।

ਗਲਤੀ ਨਾਲ ਦਿੱਤਾ ਗਿਆ ਪ੍ਰਯੋਗਾਤਮਕ ਇਲਾਜ ਦਾ ਟੀਕਾ, ਰੈਗਨੇਰੋਨ ਵਲੋਂ ਬਣਾਇਆ ਐਂਟੀਬਾਡੀਜ਼ ਦਾ ਕਾਕਟੇਲ ਹੈ ਜੋ ਕਿ ਰਾਸ਼ਟਰਪਤੀ ਟਰੰਪ ਨੂੰ ਵਾਇਰਸ ਕਰਕੇ ਹਸਪਤਾਲ ਵਿੱਚ ਦਾਖਲ ਹੋਣ ਸਮੇਂ ਦਿੱਤਾ ਗਿਆ ਸੀ।ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਐਡਜੁਟੈਂਟ ਜਨਰਲ, ਮੇਜਰ ਜੇਮਜ਼ ਹੋਯਰ ਅਨੁਸਾਰ ਟੀਕਿਆਂ ਦੀ ਇਹ ਮਿਲਾਵਟ ਸਪੱਸ਼ਟ ਤੌਰ 'ਤੇ ਰੇਗਨੇਰੋਨ ਕਾਕਟੇਲ ਦੀ ਇਕ ਸ਼ਿਪਮੈਂਟ ਨੂੰ ਇਸਦੇ ਡਿਸਟ੍ਰੀਬਿਊਸ਼ਨ ਹੱਬ ਵਿਚ ਪਹੁੰਚਾਉਣ ਸਮੇਂ ਹੋਈ ਹੈ, ਜਿੱਥੇ ਇਸ ਦੀਆਂ ਸ਼ੀਸ਼ੀਆਂ ਮੋਡੇਰਨਾ ਦੀ ਸਪਲਾਈ ਵਿਚ ਰੱਖੀਆਂ ਜਾਂਦੀਆਂ ਹਨ।

ਇਸ ਲਈ  ਵਰਕਰਾਂ ਨੇ ਜ਼ਾਹਰ ਤੌਰ 'ਤੇ ਇਸ ਦੀਆਂ ਸ਼ੀਸ਼ੀਆਂ ਨੂੰ ਬੂਨ ਕਾਉਂਟੀ ਵਿਚ ਭੇਜੀ ਜਾਣ ਵਾਲੀ ਕੋਰੋਨਾ ਟੀਕੇ ਦੀ ਲੜੀ ਵਿਚ ਸ਼ਾਮਲ ਕੀਤਾ ਹੋ ਸਕਦਾ ਹੈ। ਇਨ੍ਹਾਂ ਦੋਵਾਂ ਟੀਕਿਆਂ ਦੀਆਂ ਸ਼ੀਸ਼ੀਆਂ  ਇਕੋ ਜਿਹੀਆਂ ਦਿਖਾਈ ਦਿੰਦੀਆਂ ਹਨ ਪਰ ਦੋਵਾਂ 'ਤੇ ਅਲੱਗ ਲੇਬਲ ਲਗਾਏ ਜਾਂਦੇ ਹਨ ਅਤੇ ਦੋਵਾਂ ਨੂੰ ਹੀ ਵਰਤਣ ਤੋਂ ਪਹਿਲਾਂ ਫਰਿੱਜ ਵਿਚ ਰੱਖਿਆ ਜਾਂਦਾ ਹੈ।

ਸ਼ਿਪਮੈਂਟ ਵਿਚ ਹੋਈ ਗਲਤੀ ਸੰਬੰਧੀ ਗਾਰਡ ਦੁਆਰਾ ਜਾਰੀ ਇਕ ਬਿਆਨ ਅਨੁਸਾਰ ਸਪਲਾਈ ਦੀ ਪ੍ਰਕਿਰਿਆ ਵਿਚ ਇਸ ਤੋਂ ਬਿਨਾਂ ਟੀਕਿਆਂ ਦੀ ਕੋਈ ਹੋਰ ਖੇਪ ਪ੍ਰਭਾਵਿਤ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਪੱਛਮੀ ਵਰਜੀਨੀਆ ਵਿਚ ਅਧਿਕਾਰੀਆਂ ਨੇ ਵੀਰਵਾਰ ਨੂੰ 1,110 ਨਵੇਂ ਕੋਰੋਨਾ ਵਾਇਰਸ ਮਾਮਲੇ ਅਤੇ 20 ਨਵੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ ਜਦਕਿ ਅੰਕੜਿਆਂ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸੂਬੇ ਵਿਚ ਘੱਟੋ-ਘੱਟ 85,334 ਮਾਮਲੇ ਅਤੇ 1,338 ਮੌਤਾਂ ਦਰਜ ਹੋਈਆਂ ਹਨ।
 


author

Sanjeev

Content Editor

Related News