ਲਹਿੰਦੇ ਪੰਜਾਬ 'ਚ ਕੋਰੋਨਾ ਦਾ ਖੌਫ, ਸਿੰਧ 'ਚ ਵੀ ਉੱਡੀ ਲੋਕਾਂ ਦੀ ਨੀਂਦ, ਦੋ ਦੀ ਮੌਤ
Thursday, Mar 19, 2020 - 03:52 PM (IST)
ਇਸਲਾਮਾਬਾਦ— ਪਾਕਿਸਤਾਨ 'ਚ ਵੀ ਕੋਰੋਨਾ ਵਾਇਰਸ ਕਾਰਨ ਹਾਲਾਤ ਬਦਤਰ ਹੋਣੇ ਸ਼ੁਰੂ ਹੋ ਗਏ ਹਨ। ਹੁਣ ਤੱਕ 341 ਲੋਕ ਇਸ ਨਾਲ ਪੀੜਤ ਹੋ ਚੁੱਕੇ ਹਨ ਅਤੇ 2 ਦੀ ਮੌਤ ਹੋ ਚੁੱਕੀ ਹੈ। ਵੱਡੀ ਗੱਲ ਇਹ ਹੈ ਕਿ ਇਸ ਖੌਫਨਾਕ ਵਾਇਰਸ ਦੀ ਲਪੇਟ 'ਚ ਪਾਕਿਸਤਾਨ ਦਾ ਪੰਜਾਬ ਵੀ ਆ ਚੁੱਕਾ ਹੈ।
ਲਹਿੰਦੇ ਪੰਜਾਬ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 33 ਹੋ ਗਈ ਹੈ। ਸਭ ਤੋਂ ਵੱਧ ਇਸ ਨਾਲ ਸਿੰਧ ਪ੍ਰਭਾਵਿਤ ਹੈ ਜਿੱਥੇ 211 ਲੋਕ ਇਸ ਨਾਲ ਪੀੜਤ ਹਨ। ਇਸਲਾਮਾਬਾਦ 'ਚ ਵੀ 2 ਮਾਮਲੇ ਇਨਫੈਕਟਡ ਹਨ। ਪਾਕਿਸਤਾਨ 'ਚ ਹੁਣ ਤੱਕ ਜਿਨ੍ਹਾਂ ਦੋ ਪੀੜਤਾਂ ਦੀ ਮੌਤ ਹੋਈ ਹੈ ਉਹ ਦੋਵੇਂ ਮਾਮਲੇ ਖੈਬਰ ਪਖਤੂਨਖਵਾ 'ਚ ਦਰਜ ਹੋਏ ਹਨ। ਮ੍ਰਿਤਕਾਂ ਦੀ ਪਛਾਣ 50 ਸਾਲਾ ਸਆਦਤ ਖਾਨ ਅਤੇ 36 ਸਾਲਾ ਅਬਦੁੱਲ ਫਤਾਹ ਵਜੋਂ ਹੋਈ ਹੈ। ਸਆਦਤ ਖਾਨ ਖੈਬਰ ਪਖਤੂਨਖਵਾ ਦੇ ਮਰਦਾਨ ਨਾਲ ਸੰਬੰਧਤ ਸੀ ਅਤੇ ਸਾਊਦੀ ਅਰਬ ਤੋਂ ਵਾਪਸ ਪਰਤਿਆ ਸੀ। ਅਬਦੁੱਲ ਫਤਾਹ ਹੰਗੂ ਦਾ ਰਹਿਣ ਵਾਲਾ ਸੀ, ਦੁਬਈ ਤੋਂ ਵਾਪਸ ਆਇਆ ਸੀ।
ਇਹ ਵੀ ਪੜ੍ਹੋ ► ਸੈਂਸੈਕਸ 1700 ਅੰਕ ਡਿੱਗਾ ਤੇ ਨਿਫਟੀ ਵੀ ਧੜੰਮ, ਡਾਲਰ 75 ਰੁ: 'ਤੇ ਪੁੱਜਾ ► ਇੱਥੇ ਕੋਰੋਨਾ ਦਾ ਕਹਿਰ ਨਹੀਂ, ਇਹ ਹੈ ਦੁਨੀਆ ਦੀ ਸਭ ਤੋਂ ਸੁਰੱਖਿਅਤ ਥਾਂ
ਲਹਿੰਦੇ ਪੰਜਾਬ ਦਾ ਰੌਲਾ
ਪਾਕਿਸਤਾਨੀ ਪੰਜਾਬ 'ਚ 800 ਤੋਂ ਵੱਧ ਲੋਕਾਂ ਨੂੰ 14 ਦਿਨਾਂ ਲਈ ਮੈਡੀਕਲ ਨਿਗਰਾਨੀ ਹੇਠ ਗਾਜ਼ੀ ਯੂਨੀਵਰਸਿਟੀ 'ਚ ਵੱਖੋ-ਵੱਖ ਰੱਖਿਆ ਗਿਆ ਹੈ, ਜੋ ਹਾਲ ਹੀ 'ਚ ਤਫਤਾਨ ਬਾਰਡਰ ਤੋਂ ਯਾਤਰਾ ਕਰਕੇ ਵਾਪਸ ਪਰਤੇ ਹਨ। ਤਫਤਾਨ ਤੋਂ ਵਾਪਸ ਪਰਤਣ ਵਾਲੇ 1,400 ਹੋਰ ਸ਼ਰਧਾਲੂ ਵੀ ਲਹਿੰਦੇ ਪੰਜਾਬ 'ਚ ਸਥਾਪਤ ਨਿਗਰਾਨੀ ਕੇਂਦਰਾਂ 'ਚ ਰੱਖੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪਾਕਿਸਤਾਨ 'ਚ ਹਾਲਾਤ ਇਹ ਹਨ ਕਿ ਉਸ ਕੋਲ ਪੂਰੀ ਮੈਡੀਕਲ ਸੁਵਿਧਾ ਵੀ ਨਹੀਂ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਹਾਲ ਹੀ 'ਚ ਬੀਜਿੰਗ ਦੀ ਯਾਤਰਾ ਕੀਤੀ ਹੈ ਅਤੇ ਕੋਰੋਨਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਟੈਸਟਿੰਗ ਕਿੱਟਾਂ ਅਤੇ ਹੋਰ ਡਾਕਟਰੀ ਉਪਕਰਣ ਲਈ ਚੀਨ ਤੋਂ ਸਹਾਇਤਾ ਮੰਗੀ ਹੈ। ਚੀਨ ਆਧੁਨਿਕ ਕੇਂਦਰ ਸਥਾਪਤ ਕਰਨ ਲਈ ਪਾਕਿਸਤਾਨ ਨੂੰ ਗਰਾਂਟਾਂ ਵੀ ਮੁਹੱਈਆ ਕਰਵਾਏਗਾ।
ਇਹ ਵੀ ਪੜ੍ਹੋ ► ਪਹਿਲੀ ਵਾਰ ਚੀਨ 'ਚ ਕੋਵਿਡ-19 ਦਾ ਕੋਈ ਨਵਾਂ ਮਾਮਲਾ ਨਹੀਂ, ਇਟਲੀ 'ਚ ਭੜਥੂ ► ਰਿਸਰਚ : ਕੋਰੋਨਾ ਵਾਇਰਸ ਨਾਲ ਕਿਸ ਬਲੱਡ ਗਰੁੱਪ ਦੇ ਲੋਕਾਂ ਨੂੰ ਜ਼ਿਆਦਾ ਖਤਰਾ