ਇਮਰਾਨ ਦੇ ਭਤੀਜੇ ਦੇ ਘਰ ਪਾਕਿਸਤਾਨ ਪੁਲਸ ਨੇ ਮਾਰਿਆ ਛਾਪਾ

Friday, Dec 13, 2019 - 11:52 PM (IST)

ਇਮਰਾਨ ਦੇ ਭਤੀਜੇ ਦੇ ਘਰ ਪਾਕਿਸਤਾਨ ਪੁਲਸ ਨੇ ਮਾਰਿਆ ਛਾਪਾ

ਲਾਹੌਰ (ਏਜੰਸੀ)- ਪਾਕਿਸਤਾਨ ਪੁਲਸ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਤੀਜੇ ਹਸਨ ਨਿਆਜੀ ਦੇ ਘਰ 'ਚ ਛਾਪਾ ਮਾਰਿਆ। ਮੀਡੀਆ ਰਿਪੋਰਟ ਮੁਤਾਬਕ ਇਹ ਛਾਪਾ ਹਾਲ ਹੀ ਵਿਚ ਇਕ ਹਸਪਤਾਲ 'ਤੇ ਹੋਏ ਹਮਲੇ ਨੂੰ ਲੈ ਕੇ ਸੀ, ਜਿਸ ਵਿਚ ਪੰਜ ਮਰੀਜ਼ਾਂ ਦੀ ਗੰਭੀਰ ਹਾਲਤ ਵਿਚਮ ਮੌਤ ਹੋ ਗਈ ਸੀ। ਬੁੱਧਵਾਰ ਨੂੰ ਲਾਹੌਰ ਵਿਚ ਪੰਜਾਬ ਇੰਸਟੀਚਿਊਟ ਆਫ ਕਾਰਡੀਓਲਾਜੀ (ਪੀ.ਆਈ.ਸੀ.) ਵਿਚ ਸੈਂਕੜੇ ਵਕੀਲਾਂ ਦੇ ਹੰਗਾਮੇ ਅਤੇ ਤੋੜ-ਭੰਨ ਤੋਂ ਬਾਅਦ ਘੱਟੋ-ਘੱਟ 5 ਮਰੀਜ਼ਾਂ ਦੀ ਮੌਤ ਹੋ ਗਈ ਸੀ ਅਤੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਤੋਂ ਬਾਅਦ ਸਥਿਤੀ ਨੂੰ ਕੰਟਰੋਲ ਕਰਨ ਲਈ ਨੀਮ ਫੌਜੀ ਪਾਕਿਸਤਾਨ ਰੇਂਜਰਸ ਅਤੇ ਦੰਗਾ ਪੁਲਸ ਨੂੰ ਬੁਲਾਇਆ ਗਿਆ।

ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਹਫਤੇ ਪਹਿਲਾਂ ਸਾਥੀ ਬੁਲਾਰੇ 'ਤੇ ਡਾਕਟਰਾਂ ਵਲੋਂ ਕੀਤੇ ਗਏ ਹਮਲੇ ਦਾ ਬਦਲਾ ਲੈਣ ਲਈ ਡਾਕਟਰਾਂ ਅਤੇ ਸਿਹਤ ਮੁਲਾਜ਼ਮਾਂ 'ਤੇ ਹਮਲਾ ਕੀਤਾ। ਰਾਸ਼ਟਰੀ ਚੈਨਲਾਂ 'ਤੇ ਦਿਖਾਏ ਜਾ ਰਹੇ ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਇਮਰਾਨ ਖਾਨ ਦਾ ਭਤੀਜਾ ਹਸਨ ਨਿਆਜੀ ਜੋ ਇਕ ਵਕੀਲ ਹੈ ਹਮਲਾਵਰ ਵਕੀਲਾਂ ਦੇ ਨਾਲ ਨਜ਼ਰ ਆ ਰਿਹਾ ਹੈ। ਹਾਲਾਂਕਿ, ਛਾਪੇਮਾਰੀ ਦੌਰਾਨ ਹਸਨ ਆਪਣੀ ਰਿਹਾਇਸ਼ 'ਤੇ ਮੌਜੂਦ ਨਹੀਂ ਸੀ।
ਵਕੀਲਾਂ ਦੇ ਨਾਲ ਗੱਲਬਾਤ ਕਰਨ ਲਈ ਹਸਪਤਾਲ ਪਹੁੰਚੇ ਪੰਜਾਬ ਦੇ ਸੂਚਨਾ ਮੰਤਰੀ ਫੈਆਜ਼ੁਲ ਹਸਨ ਚੌਹਾਨ ਦੇ ਨਾਲ ਵੀ ਹੱਥੋਪਾਈ ਕੀਤੀ ਗਈ ਸੀ। ਚੌਹਾਨ ਨੇ ਕਿਹਾ ਕਿ ਜੰਗ ਵੇਲੇ ਵੀ ਹਸਪਤਾਲਾਂ ਨੂੰ ਬਸ਼ਖ ਦਿੱਤਾ ਜਾਂਦਾ ਸੀ, ਪਰ ਬੇਕਾਬੂ ਵਕੀਲਾਂ ਨੇ ਅੱਜ ਹਰ ਹੱਦ ਨੂੰ ਪਾਰ ਕਰ ਲਿਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਡਾਕਟਰਾਂ ਤੇ ਤੀਮਾਰਦਾਰਾਂ ਨੂੰ ਸੱਟਾਂ ਵੱਜੀਆਂ।
ਹਮਲੇ ਦੇ ਸਿਲਸਿਲੇ ਵਿਚ ਵੀਰਵਾਰ ਨੂੰ ਪਾਕਿਸਤਾਨ ਪੁਲਸ ਨੇ ਔਰਤਾਂ ਸਣੇ ਲਗਭਗ 50 ਵਕੀਲਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੂਰੇ ਦੇਸ਼ ਦੇ ਵਕੀਲਾਂ ਨੇ ਹਸਪਤਾਲ ਹਮਲੇ ਵਿਚ ਸ਼ਾਮਲ ਲੋਕਾਂ ਦੇ ਖਿਲਾਫ ਕੇਸ ਦਰਜ ਕਰਨ ਦਾ ਵਿਰੋਧ ਕਰਦੇ ਹੋਏ ਅਦਾਲਤ ਦੇ ਕੰਮਕਾਜ ਦਾ ਬਾਈਕਾਟ ਕੀਤਾ ਅਤੇ ਗ੍ਰਿਫਤਾਰ ਲੋਕਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।


author

Sunny Mehra

Content Editor

Related News