ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁੰਨ ਜਾਨ ਬਚਾ ਕੇ ਪੁੱਜੀ ਅਮਰੀਕਾ, ਦੱਸੀ ਹੱਡ ਬੀਤੀ

Friday, Sep 20, 2019 - 02:47 PM (IST)

ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁੰਨ ਜਾਨ ਬਚਾ ਕੇ ਪੁੱਜੀ ਅਮਰੀਕਾ, ਦੱਸੀ ਹੱਡ ਬੀਤੀ

ਵਾਸ਼ਿੰਗਟਨ (ਏਜੰਸੀ)- ਪਾਕਿਸਤਾਨ ਦੀ ਮਹਿਲਾ ਕਾਰਕੁੰਨ ਗੁਲਾਲਾਈ ਇਸਮਾਈਲ ਨੇ ਅਮਰੀਕਾ ਵਿਚ ਰਾਜਨੀਤਕ ਪਨਾਹ ਦੀ ਮੰਗ ਕੀਤੀ ਹੈ। ਉਹ ਪਿਛਲੇ ਮਹੀਨੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਨਿਗਰਾਨੀ ਤੋਂ ਭੱਜ ਗਈ ਸੀ। ਇਸ ਤੋਂ ਪਹਿਲਾਂ ਉਹ ਕਈ ਮਹੀਨਿਆਂ ਤੱਕ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਆਪਣੇ ਦੋਸਤਾਂ ਦੇ ਘਰਾਂ 'ਚ ਲੁੱਕ ਕੇ ਆਪਣੀ ਜਾਨ ਬਚਾ ਰਹੀ ਸੀ। ਪਾਕਿਸਤਾਨੀ ਡਾਨ ਨਿਊਜ਼ ਨੇ ਦਿ ਨਿਊਯਾਰਕ ਟਾਈਮਜ਼ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ ਵਿਚ ਕਿਹਾ ਕਿ 32 ਸਾਲਾ ਗੁਲਾਲਾਈ ਨਿਊਯਾਰਕ ਦੇ ਬਰੁਕਲਿਨ ਵਿਚ ਆਪਣੀ ਭੈਣ ਦੇ ਘਰ ਰਹਿ ਰਹੀ ਹੈ। ਔਰਤਾਂ, ਬੱਚਿਆਂ ਦੇ ਨਾਲ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ਼ ਚੁੱਕਣ ਵਾਲੀ ਇਕ ਮਹਿਲਾ ਮਨੁੱਖੀ ਅਧਿਕਾਰ ਕਾਰਕੁੰਨ ਹੈ।

ਇਸਲਾਮਾਬਾਦ ਨੇ ਗੁਲਾਲਾਈ 'ਤੇ ਦੇਸ਼ ਧਰੋਹ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਉਹ ਪਾਕਿਸਤਾਨ ਛੱਡ ਕੇ ਅਮਰੀਕਾ ਭੱਜ ਆਈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਪਾਕਿਸਤਾਨ ਛੱਡ ਕੇ ਅਮਰੀਕਾ ਕਿਵੇਂ ਪਹੁੰਚੀ। ਪਰ ਅਮਰੀਕੀ ਅਖਬਾਰ ਨੂੰ ਉਨ੍ਹਾਂ ਨੇ ਇਹ ਜ਼ਰੂਰ ਦੱਸਿਆ ਕਿ ਮੈਂ ਕਿਸੇ ਵੀ ਏਅਰਪੋਰਟ ਤੋਂ ਉਡਾਣ ਨਹੀਂ ਭਰੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਜ਼ਿਆਦਾ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦੀ। ਪਾਕਿਸਤਾਨ ਤੋਂ ਭੱਜਣ ਦੀ ਮੇਰੀ ਕਹਾਣੀ ਦੇ ਸਾਹਮਣੇ ਆਉਣ ਨਾਲ ਕਈ ਲੋਕਾਂ ਦੀ ਜ਼ਿੰਦਗੀ ਖਤਰੇ ਵਿਚ ਪੈ ਜਾਵੇਗੀ।

ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਫੌਜ ਦੀ ਆਲੋਚਨਾ ਹੁੰਦੀ ਹੈ। ਗੁਲਾਲਾਈ ਦਾ ਦੋਸ਼ ਇਹ ਹੈ ਕਿ ਉਨ੍ਹਾਂ ਨੇ ਔਰਤਾਂ ਦੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਵਲੋਂ ਕੀਤੀ ਜਾਣ ਵਾਲੀ ਜ਼ਿਆਦਤੀ ਖਿਲਾਫ ਅਤੇ ਔਰਤਾਂ ਦੇ ਅਧਿਕਾਰਾਂ ਲਈ ਮੁਹਿੰਮ ਚਲਾਈ, ਜਿਸ ਵਿਚ ਯੌਨ ਸ਼ੋਸ਼ਣ, ਗੁੰਮਸ਼ੁਦਗੀ ਅਤੇ ਹੋਰ ਘਟਨਾਵਾਂ ਬਾਰੇ ਆਵਾਜ਼ ਚੁੱਕੀ ਗਈ ਸੀ। ਇਹ ਗੱਲ ਪਾਕਿਸਤਾਨੀ ਅਧਿਕਾਰੀਆਂ ਅਤੇ ਖੁਫੀਆ ਏਜੰਸੀ ਦੇ ਆਕਾਵਾਂ ਨੂੰ ਹਜ਼ਮ ਨਹੀਂ ਹੋਈ ਅਤੇ ਉਨ੍ਹਾਂ ਨੂੰ ਦੇਸ਼ਧਰੋਹੀ ਕਰਾਰ ਦੇ ਦਿੱਤਾ ਗਿਆ। ਦੱਸ ਦਈਏ ਕਿ ਨਵੰਬਰ 2018 ਵਿਚ ਇਸਲਾਮਾਬਾਦ ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ ਸਰਵਿਸ ਇੰਟੈਲੀਜੈਂਸ (ਆਈ.ਐਸ.ਆਈ.) ਨੇ ਗੁਲਾਲਾਈ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ ਵਿਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਉਹ ਕਿਸੇ ਵੀ ਸੂਰਤ ਵਿਚ ਪਾਕਿਸਤਾਨ ਛੱਡ ਕੇ ਕਿਸੇ ਹੋਰ ਦੇਸ਼ ਨਾ ਭੱਜ ਜਾਵੇ। ਡਾਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਦੇਸ਼ ਵਿਚ ਦੇਸ਼-ਵਿਰੋਧੀ ਗਤੀਵਿਧੀਆਂ ਚਲਾਉਣ ਦੇ ਕਥਿਤ ਦੋਸ਼ ਹੇਠ ਆਈ.ਐਸ.ਆਈ. ਨੇ ਇਹ ਗੱਲ ਕਹੀ ਸੀ।

ਇਸ ਤੋਂ ਬਾਅਦ ਗੁਲਾਲਾਈ ਨੇ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਐਗਜ਼ਿਟ ਕੰਟਰੋਲ ਲਿਸਟ ਵਿਚ ਪਾਉਣ ਦੇ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਦਾ ਨਾਂ ਲਿਸਟ ਵਿਚੋਂ ਹਟਾਉਣ ਦਾ ਹੁਕਮ ਜਾਰੀ ਕੀਤਾ ਸੀ। ਹਾਲਾਂਕਿ ਕੋਰਟ ਨੇ ਖੁਫੀਆ ਏਜੰਸੀ ਦੀਆਂ ਸਿਫਾਰਿਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਗ੍ਰਹਿ ਮੰਤਰਾਲੇ ਨੂੰ ਗੁਲਾਲਾਈ ਦਾ ਪਾਸਪੋਰਟ ਜ਼ਬਤ ਕਰਨ ਸਣੇ ਉਹ ਸਾਰੇ ਢੁੱਕਵੇਂ ਕਦਮਾਂ ਦੀ ਇਜਾਜ਼ਤ ਦਿੱਤੀ ਸੀ, ਜੋ ਜ਼ਰੂਰੀ ਹੋਣ। ਲਗਾਤਾਰ ਖੁਫੀਆ ਅਧਿਕਾਰੀ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਸਨ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਮਈ ਦੇ ਅਖੀਰ ਤੋਂ ਗੁਲਾਲਾਈ ਨੂੰ ਭਗੌੜਾ ਐਲਾਨ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਘਰ ਦਬਾਅ ਪਾਉਣ ਦੇ ਨਾਲ ਹੀ ਦੇਸ਼ ਦੇ ਹਰ ਕੋਨੇ ਵਿਚ ਗੁਲਾਲਾਈ ਦੀ ਭਾਲ ਕਰ ਰਹੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੁਲਾਲਾਈ ਇਸਲਾਮਾਬਾਦ ਵਿਚ ਰਹਿਣ ਵਾਲੇ ਆਪਣੇ ਮਾਤਾ-ਪਿਤਾ ਨੂੰ ਲੈ ਕੇ ਅਜੇ ਵੀ ਪ੍ਰੇਸ਼ਾਨ ਹੈ। ਉਸ 'ਤੇ ਸਰਕਾਰ ਨੇ ਅੱਤਵਾਦ ਨੂੰ ਹੁੰਗਾਰਾ ਦੇਣ ਦੇ ਦੋਸ਼ ਲਗਾਏ ਹਨ ਅਤੇ ਉਹ ਭਾਰੀ ਸੁਰੱਖਿਆ ਨਿਗਰਾਨੀ ਵਿਚ ਰੱਖੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਲ ਦੇ ਦਿਨਾਂ ਵਿਚ ਗੁਲਾਲਾਈ ਨੇ ਅਮਰੀਕਾ ਵਿਚ ਕਈ ਮਨੁੱਖੀ ਅਧਿਕਾਰ ਵਰਕਰਾਂ ਅਤੇ ਕਾਂਗ੍ਰੇਸਨਲ ਲੀਡਰਸ ਦੇ ਸਟਾਫ ਨਾਲ ਮੁਲਾਕਾਤ ਕੀਤੀ ਹੈ।


author

Sunny Mehra

Content Editor

Related News