''PM ਮੋਦੀ ਲਈ ਕਰਿਆ ਕਰੋ ਦੁਆ'', UAE ''ਚ ਪਾਕਿਸਤਾਨੀ ਡਰਾਈਵਰ ਦੀ ਭਾਰਤੀਆਂ ਨੂੰ ਅਪੀਲ

Tuesday, Oct 29, 2024 - 04:19 PM (IST)

''PM ਮੋਦੀ ਲਈ ਕਰਿਆ ਕਰੋ ਦੁਆ'', UAE ''ਚ ਪਾਕਿਸਤਾਨੀ ਡਰਾਈਵਰ ਦੀ ਭਾਰਤੀਆਂ ਨੂੰ ਅਪੀਲ

ਦੁਬਈ : ਦੁਬਈ ਵਿਚ ਇਕ ਪਾਕਿਸਤਾਨੀ ਡਰਾਈਵਰ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਪਾਕਿਸਤਾਨੀ ਡਰਾਈਵਰ ਜੋ ਕਿ ਦੁਬਈ ਵਿਚ ਕੰਮ ਕਰਦਾ ਦੱਸਿਆ ਜਾ ਰਿਹਾ ਹੈ, ਭਾਰਤੀਆਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਲਈ ਦੁਆ ਕਰਿਆ ਕਰਨ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਹੀ ਉਨ੍ਹਾਂ ਦਾ ਦੇਸ਼ ਤਰੱਕੀ ਕਰ ਰਿਹਾ ਹੈ। 
 

ਵੀਡੀਓ ਵਿਚ ਪਾਕਿਸਤਾਨੀ ਡਰਾਈਵਰ ਕਹਿ ਰਿਹਾ ਹੈ ਕਿ ਭਾਰਤੀ ਲੋਕਾਂ ਨੂੰ ਆਪਣੇ ਪ੍ਰਧਾਨ ਮੰਤਰੀ ਮੋਦੀ ਲਈ ਦੁਆ ਕਰਨੀ ਚਾਹੀਦੀ ਹੈ। ਪਾਕਿਸਤਾਨ ਨੂੰ ਦੇਖੋ ਇਥੇ ਕਿੰਨੀ ਮਹਿੰਗਾਈ ਹੈ। ਹਰ ਚੀਜ਼ ਬਹੁਤ ਮਹਿੰਗੀ ਹੈ। ਭਾਰਤ ਸਭ ਤੋਂ ਸਸਤਾ ਦੇਸ਼ ਹੈ। ਉਸ ਨੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਦੀ ਇਕ ਮਲੰਗ ਆਦਮੀ ਹੈ। ਉਹ ਆਪਣੇ ਮੁਲਕ ਨੂੰ ਆਪਣਾ ਪਰਿਵਾਰ ਸਮਝਦਾ ਹੈ। ਉਹ ਦਿਨ ਰਾਤ ਭਾਰਤ ਲਈ ਆਪਣੇ ਦੇਸ਼ ਲਈ ਕੰਮ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਦੁਬਈ ਵਿਚ ਚੱਲ ਰਹੀ ਇਕ ਟ੍ਰੇਨ ਦਾ ਵੀ ਜ਼ਿਕਰ ਕੀਤਾ। 

ਉਸ ਨੇ ਕਿਹਾ ਕਿ ਇਸ ਵੇਲੇ ਆਬੂਧਾਬੀ ਤੋਂ ਫਜਿਰਾਹ ਤੱਕ ਇਕ ਟਰੇਨ ਚਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਕਰ ਕੇ ਇਸ ਦਾ ਜਲਦੀ ਹੀ ਵਿਸਥਾਰ ਹੋਣ ਵਾਲਾ ਹੈ। ਇਹ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਜਿਹਾ ਹੈ। ਉਸ ਨੇ ਕਿਹਾ ਕਿ ਇਸ ਦਾ ਵਿਸਥਾਰ ਜਲਦੀ ਹੀ ਭਾਰਤ ਤੱਕ ਹੋਣ ਵਾਲਾ ਹੈ। ਇਹ ਟਰੇਨ ਦੁਬਈ ਵਿਚ ਘੁੰਮਦੀ ਹੋਈ ਮੁੰਬਈ ਤਕ ਜਾਵੇਗੀ। ਇਸ ਨਾਲ ਇਕ ਪਾਈਪਲਾਈਨ ਵੀ ਵਿਛਾਈ ਜਾਵੇਗੀ, ਜਿਸ ਨਾਲ ਦੁਬਈ ਨੂੰ ਸਾਫ ਪੀਣ ਵਾਲਾ ਪਾਣੀ ਮਿਲੇਗੀ ਤੇ ਭਾਰਤ ਨੂੰ ਡੀਜ਼ਲ ਤੇ ਪੈਟਰੋਲ ਮੁਹੱਈਆ ਕਰਵਾਇਆ ਜਾਵੇਗਾ। ਇਸ ਕਾਰਵਾਈ ਨਾਲ ਦੋਵੇਂ ਦੇਸ਼ ਇਕੱਠੇ ਅੱਗੇ ਵਧਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦੀ ਹੀ ਕਰਾਮਾਤ ਹੈ। ਉਸ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਦਿਮਾਗ ਬਹੁਤ ਤੇਜ਼ ਹੈ। ਉਹ ਹਮੇਸ਼ਾ ਹੀ ਆਪਣੇ ਦੇਸ਼ ਬਾਰੇ ਸੋਚਦਾ ਹੈ। ਉਸ ਦਾ ਦਿਮਾਗ ਅੰਗਰੇਜ਼ਾਂ ਜਿਹਾ ਹੈ, ਹਮੇਸ਼ਾ 100 ਸਾਲ ਅੱਗੇ ਦੀ ਸੋਚਦਾ ਹੈ। 

ਇਸ ਦੌਰਾਨ ਉਸ ਨੇ ਪਾਕਿਸਤਾਨ ਦੇ ਹਾਲਾਤਾਂ ਦਾ ਵੀ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਪਾਕਿਸਤਾਨ ਵਿਚ ਮਹਿੰਗਾਈ ਕਾਰਨ ਪਾਕਿਸਤਾਨ ਵਿਚ ਮੌਤਾਂ ਹੋ ਰਹੀਆਂ ਹਨ। ਲੋਕ ਸਸਤੇ ਰਾਸ਼ਨ ਲਈ ਭੀੜ ਵਿਚ ਮਰ ਰਹੇ ਹਨ। ਇਸੇ ਤਰ੍ਹਾਂ ਦੂਜੇ ਪਾਸੇ ਭਾਰਤੀ ਦੁਨੀਆ ਦੇ ਹਰ ਕੋਨੇ ਵਿਚ ਵੱਸੇ ਹੋਏ ਹਨ। ਦੁਬਈ ਵਿਚ ਹਰ ਥਾਂ ਭਾਰਤੀ ਵੱਸੇ ਹੋਏ ਹਨ। ਦੁਬਈ ਇਕ ਅਜਿਹਾ ਮੁਲਕ ਹੈ ਜਿਥੇ ਕੋਈ ਵੀ ਕਿਸੇ ਨਾਲ ਭੇਦਭਾਵ ਨਹੀਂ ਕਰਦਾ। ਅਸੀਂ ਸਾਰੇ ਇਕੋ ਥਾਲੀ ਵਿਚ ਬਹਿ ਕੇ ਰੋਟੀ ਖਾ ਸਕਦੇ ਹਾਂ। ਆਉਣ ਵਾਲੇ ਸਮੇਂ ਵਿਚ ਭਾਰਤ ਮੋਦੀ ਦੀ ਅਗਵਾਈ ਵਿਚ ਹੋਰ ਤਰੱਕੀ ਕਰੇਗੀ, ਹੋਰ ਅੱਗੇ ਵਧੇਗਾ। ਇਸ ਦੌਰਾਨ ਉਸ ਨੇ ਇਹ ਵੀ ਕਿਹਾ ਕਿ ਉਸ ਦਾ ਕਿਸੇ ਵੀ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੂੰ ਜੋ ਚੰਗਾ ਲੱਗਦਾ ਹੈ ਉਹ ਉਹੀ ਕਹਿੰਦਾ ਹੈ। 

ਦੱਸ ਦਈਏ ਕਿ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ Rishi Bagree ਨਾਂ ਦੇ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਗਿਆ ਹੈ, 'ਯੂਏਈ ਵਿਚ ਕੰਮ ਕਰਨ ਵਾਲਾ ਪਾਕਿਸਤਾਨੀ ਡਰਾਈਵਰ ਭਾਰਤ ਬਾਰੇ ਕੀ ਕਹਿ ਰਿਹਾ ਹੈ।' ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ ਤੇ ਲੋਕ ਇਸ ਨੂੰ ਪਸੰਦ ਵੀ ਕਰ ਰਹੇ ਹਨ।


author

Baljit Singh

Content Editor

Related News