ਪਾਕਿਸਤਾਨੀ ਕੋਰਟ ਨੇ ਬੈਨ ਸੰਗਠਨ TLP ਦੇ ਟਾਪ ਨੇਤਾ ਨੂੰ 35 ਸਾਲ ਜੇਲ ਦੀ ਸਜ਼ਾ ਸੁਣਾਈ
Thursday, Dec 18, 2025 - 10:24 AM (IST)
ਗਗਰਦਾਸਪੁਰ/ਲਾਹੌਰ (ਵਿਨੋਦ) - ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਪਾਕਿਸਤਾਨੀ ਸਰਕਾਰ ਦੁਆਰਾ ਪਾਬੰਦੀਸ਼ੁਦਾ ਕੱਟੜਪੰਥੀ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ) ਦੇ ਇੱਕ ਚੋਟੀ ਦੇ ਨੇਤਾ ਨੂੰ ਪਾਕਿਸਤਾਨ ਦੇ ਤਤਕਾਲੀ ਚੀਫ ਜਸਟਿਸ ਦਾ ਸਿਰ ਕਲਮ ਕਰਨ ਲਈ ਲੋਕਾਂ ਨੂੰ ਉਕਸਾਉਣ ਦੇ ਦੋਸ਼ ਵਿੱਚ 35 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇੱਕ ਅਦਾਲਤੀ ਅਧਿਕਾਰੀ ਮੁਤਾਬਕ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਐੱਸ) ਨੇ ਜੁਲਾਈ 2024 ਵਿੱਚ ਪਾਕਿਸਤਾਨ ਦੇ ਤਤਕਾਲੀ (ਉਸ ਸਮੇਂ ਦੇ) ਚੀਫ਼ ਜਸਟਿਸ ਕਾਜ਼ੀ ਫ਼ੈਜ਼ ਈਸਾ ਵਿਰੁੱਧ ਜਨਤਾ ਨੂੰ ਭੜਕਾਉਣ ਦੇ ਦੋਸ਼ ਵਿੱਚ ਕੱਟੜਪੰਥੀ ਇਸਲਾਮੀ ਪਾਰਟੀ ਟੀ.ਐੱਲ.ਪੀ ਦੇ ਡਿਪਟੀ ਮੁਖੀ ਜ਼ਹੀਰੂਲ ਹਸਨ ਸ਼ਾਹ ਨੂੰ ਸਜ਼ਾ ਸੁਣਾਈ।
ਏ.ਟੀ.ਸੀ ਲਾਹੌਰ ਦੇ ਜੱਜ ਅਰਸ਼ਦ ਜਾਵੇਦ ਨੇ ਜੇਲ੍ਹ ਦੀ ਸੁਣਵਾਈ ਦੌਰਾਨ ਫੈਸਲਾ ਸੁਣਾਇਆ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਬਾਅਦ ਵਿੱਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਦੇ ਸੁਪਰਡੈਂਟ ਨੂੰ ਸੌਂਪ ਦਿੱਤਾ ਗਿਆ। ਸ਼ਾਹ ਨੂੰ ਪਿਛਲੇ ਸਾਲ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਉਹ ਉਸ ਸਮੇਂ ਦੇ ਚੀਫ ਜਸਟਿਸ ਕਾਜ਼ੀ ਫੈਜ਼ ਈਸਾ ਦਾ ਸਿਰ ਕਲਮ ਕਰਨ ਵਾਲੇ ਨੂੰ 10 ਮਿਲੀਅਨ ਰੁਪਏ (ਲਗਭਗ 36,000 ਅਮਰੀਕੀ ਡਾਲਰ) ਦੇਣ ਦੀ ਪੇਸ਼ਕਸ਼ ਕਰ ਰਿਹਾ ਸੀ।
ਸ਼ਾਹ ਨੇ ਜੁਲਾਈ 2024 ਵਿੱਚ ਟੀ.ਐੱਲ.ਪੀ ਮੁਖੀ ਸਾਦ ਰਿਜ਼ਵੀ ਦੀ ਮੌਜੂਦਗੀ ਵਿੱਚ ਪਾਕਿਸਤਾਨ ਦੇ ਚੀਫ਼ ਜਸਟਿਸ ਕਾਜ਼ੀ ਫ਼ੈਜ਼ ਈਸਾ ਦੀ ਹੱਤਿਆ ਲਈ ਇਨਾਮ ਦੀ ਪੇਸ਼ਕਸ਼ ਕੀਤੀ ਸੀ। ਕਾਜ਼ੀ ਫ਼ੈਜ਼ ਈਸਾ ਦੀ ਅੱਤਵਾਦੀਆਂ ਦੁਆਰਾ ਆਲੋਚਨਾ ਕੀਤੀ ਗਈ ਸੀ ਜਦੋਂ ਉਸ ਨੇ ਈਸ਼ਨਿੰਦਾ ਦੇ ਦੋਸ਼ੀ ਇੱਕ ਅਹਿਮਦੀ ਸ਼ੱਕੀ ਨੂੰ ਜ਼ਮਾਨਤ ਦਿੱਤੀ ਸੀ। ਅਦਾਲਤ ਦੇ ਫੈਸਲੇ ਜਿਸ ਵਿੱਚ ਅਹਿਮਦੀ ਭਾਈਚਾਰੇ ਨੂੰ ਘਰ ਵਿੱਚ ਆਪਣੇ ਧਰਮ ਦਾ ਅਭਿਆਸ ਕਰਨ ਦੀ ਸੁਰੱਖਿਆ ਸ਼ਾਮਲ ਸੀ, ਨੇ ਇਸਲਾਮੀ ਸਮੂਹਾਂ ਨੂੰ ਨਾਰਾਜ਼ ਕੀਤਾ।
