ਪਾਕਿ ਨੂੰ ਅੱਤਵਾਦੀ ਸੰਗਠਨਾਂ ''ਤੇ ਕਰਨੀ ਹੋਵੇਗੀ ਕਾਰਵਾਈ : ਅਮਰੀਕਾ

01/09/2018 3:53:10 PM

ਵਾਸ਼ਿੰਗਟਨ (ਵਾਰਤਾ)— ਅਮਰੀਕਾ ਨੇ ਮੰਗਲਵਾਰ ਨੂੰ ਇਹ ਸਪੱਸ਼ਟ ਕਰ ਦਿੱਤਾ ਕਿ ਜੇ ਪਾਕਿਸਤਾਨ ਨੂੰ ਅਰਬਾਂ ਡਾਲਰਾਂ ਦੀ ਅਮਰੀਕੀ ਮਦਦ ਚਾਹੀਦੀ ਹੈ ਤਾਂ ਉਸ ਨੂੰ ਹੱਕਾਨੀ ਨੈੱਟਵਰਕ ਸਮੇਤ ਵੱਖ-ਵੱਖ ਅੱਤਵਾਦੀ ਸੰਗਠਨਾਂ ਵਿਰੁੱਧ ਸਖਤ ਕਾਰਵਾਈ ਕਰਨੀ ਹੋਵੇਗੀ। ਅਮਰੀਕੀ ਰੱਖਿਆ ਮੰਤਰਾਲੇ ਦੇ ਦਫਤਰ ਪੇਂਟਾਗਨ ਦੇ ਬੁਲਾਰਾ ਕਰਨਲ ਰੌਬ ਮੈਨਿੰਗ ਨੇ ਪੱਤਰਕਾਰਾਂ ਨੂੰ ਕਿਹਾ,''ਸਾਡੀਆਂ ਇੱਛਾਵਾਂ ਸਿੱਧੀਆਂ ਅਤੇ ਸਪੱਸ਼ਟ ਹਨ। ਪਾਕਿਸਤਾਨ ਨੂੰ ਤਾਲੀਬਾਨ ਅਤੇ ਹੱਕਾਨੀ ਨੈੱਟਵਰਕ ਨੂੰ ਆਪਣੀ ਮੁਹਿੰਮ ਵਿਚ ਸਫਲ ਹੋਣ ਲਈ ਪਾਕਿਸਤਾਨੀ ਜ਼ਮੀਨ ਨੂੰ ਸੁਰੱਖਿਅਤ ਆਸਰੇ ਵਾਲੀ ਜਗ੍ਹਾ ਦੇ ਰੂਪ ਵਿਚ ਵਰਤੋਂ 'ਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ।'' ਮੈਨਿੰਗ ਨੇ ਕਿਹਾ,''ਅਮਰੀਕਾ ਨੇ ਪਾਕਿਸਤਾਨ ਨੂੰ ਇਸ ਸੰਬੰਧ ਵਿਚ ਖਾਸ ਅਤੇ ਹੋਰ ਠੋਸ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ।'' ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੱਕਾਨੀ ਨੈੱਟਵਰਕ ਅਤੇ ਅਫਗਾਨ ਤਾਲੀਬਾਨ 'ਤੇ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਪਾਕਿਸਤਾਨ ਨੂੰ 'ਗਠਜੋੜ ਮਦਦ ਫੰਡ' ਤੋਂ ਦਿੱਤੀ ਜਾਣ ਵਾਲੀ 900 ਮਿਲੀਅਨ ਡਾਲਰ ਦੀ ਮਦਦ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਇਸ ਐਲਾਨ ਵਿਚ ਪਾਕਿਸਤਾਨ ਵੱਲੋਂ ਅੱਤਵਾਦੀਆਂ ਵਿਰੁੱਧ ਚਲਾਈਆਂ ਗਈਆਂ ਮੁਹਿੰਮਾਂ 'ਤੇ ਖਰਚ ਕੀਤੀ ਗਈ ਰਾਸ਼ੀ ਦਾ ਭੁਗਤਾਨ ਸ਼ਾਮਲ ਹੈ। ਪੇਂਟਾਗਨ ਦੇ ਅਧਿਕਾਰੀ ਹੁਣ ਇਸ ਗੱਲ 'ਤੇ ਨਜ਼ਰ ਬਣਾਏ ਹੋਏ ਹਨ ਕਿ ਕਿਤੇ ਪਾਕਿਸਤਾਨ ਆਪਣੇ ਕਰਾਚੀ ਬੰਦਰਗਾਹ ਤੋਂ ਅਫਗਾਨਿਸਤਾਨ ਸਥਿਤ ਅਮਰੀਕੀ ਫੌਜੀਆਂ ਵਿਚਕਾਰ ਸਪਲਾਈ ਲਾਈਨ ਤਾਂ ਨਹੀਂ ਕੱਟ ਰਿਹਾ ਹੈ।'' ਪਾਕਿਸਤਾਨ ਹਾਲਾਂਕਿ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਾ ਹੈ। ਉਸ ਦਾ ਮੰਨਣਾ ਹੈ ਕਿ ਟਰੰਪ ਦੇ ਵਿੱਤੀ ਮਦਦ ਸੰਬੰਧੀ ਫੈਸਲੇ ਦੇ 'ਉਲਟ ਅਸਰ' ਹੋਣਗੇ।


Related News