ਪਾਕਿ : ਟਰੇਨ ਦੀ ਮਾਲਗੱਡੀ ਨਾਲ ਟਕੱਰ,14 ਲੋਕਾਂ ਦੀ ਮੌਤ ਤੇ 79 ਜ਼ਖਮੀ

Thursday, Jul 11, 2019 - 02:04 PM (IST)

ਪਾਕਿ : ਟਰੇਨ ਦੀ ਮਾਲਗੱਡੀ ਨਾਲ ਟਕੱਰ,14 ਲੋਕਾਂ ਦੀ ਮੌਤ ਤੇ 79 ਜ਼ਖਮੀ

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿਚ ਵੀਰਵਾਰ ਨੂੰ ਇਕ ਤੇਜ਼ ਗਤੀ ਵਾਲੀ ਯਾਤਰੀ ਟਰੇਨ ਦੀ ਮਾਲਗੱਡੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 79 ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਕਵੇਟਾ ਆਧਾਰਿਤ ਅਕਬਰ ਐਕਸਪ੍ਰੈੱਸ ਪੰਜਾਬ ਸੂਬੇ ਦੀ ਸਾਦਿਕਾਬਾਦ ਤਹਿਸੀਲ ਦੇ ਵਲਹਾਰ ਰੇਲਵੇ ਸਟੇਸ਼ਨ 'ਤੇ ਸਥਿਤ ਮਾਲਗੱਡੀ ਨਾਲ ਟਕਰਾ ਗਈ। ਮਾਲਗੱਡੀ ਲੂਪ ਲਾਈਨ 'ਤੇ ਖੜ੍ਹੀ ਸੀ ਜਦੋਂ ਮੇਨਲਾਈਨ 'ਤੇ ਚੱਲਣ ਦੀ ਬਜਾਏ ਤੇਜ਼ ਗਤੀ ਵਾਲੀ ਪੈਸੇਂਜਰ ਟਰੇਨ ਗਲਤ ਟਰੈਕ 'ਤੇ ਚਲੀ ਗਈ।

ਜ਼ਿਲਾ ਪੁਲਸ ਅਫਸਰ (ਡੀ.ਪੀ.ਓ.) ਰਹੀਮ ਯਾਰ ਖਾਨ ਉਮਰ ਸਲਾਮਤ ਨੇ ਕਿਹਾ ਕਿ ਮ੍ਰਿਤਕਾਂ ਵਿਚ ਇਕ ਮਹਿਲਾ ਅਤੇ 8 ਪੁਰਸ਼ ਸ਼ਾਮਲ ਹਨ ਜਦਕਿ ਜ਼ਖਮੀਆਂ ਵਿਚ 9 ਔਰਤਾਂ ਅਤੇ 11 ਬੱਚੇ ਸ਼ਾਮਲ ਹਨ। ਜ਼ਖਮੀਆਂ ਨੂੰ ਇਲਾਜ ਲਈ ਸਾਦਿਕਾਬਾਦ ਅਤੇ ਰਹੀਮ ਯਾਰ ਖਾਨ ਦੇ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਤੇਜ਼ ਗਤੀ ਵਾਲੀ ਅਕਬਰ ਐਕਸਪ੍ਰੈੱਸ ਦੇ ਮਾਲਗੱਡੀ ਨਾਲ ਟਕਰਾ ਜਾਣ ਨਾਲ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ। 

ਜਾਣਕਾਰੀ ਮੁਤਾਬਕ ਇਕ ਬੱਚੇ ਅਤੇ ਵਿਅਕਤੀ ਨੂੰ ਟਰੇਨ ਵਿਚੋਂ ਬਚਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਵਿਚ ਅਕਬਰ ਐਕਸਪ੍ਰੈੱਸ ਦਾ ਇੰਜਣ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਜਦਕਿ 3 ਬੋਗੀਆਂ ਨੁਕਸਾਨੀਆਂ ਗਈਆਂ। ਡੀ.ਪੀ.ਓ. ਨੇ ਕਿਹਾ ਕਿ ਬਚਾਅ ਮੁਹਿੰਮ ਜਾਰੀ ਹੈ ਅਤੇ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਸਾਈਟ 'ਤੇ ਹਾਈਡ੍ਰੋਲਿਕ ਕਟਰ ਬੁਲਾਏ ਗਏ ਹਨ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। 

ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਰਾਸ਼ਟਰਪਤੀ ਆਰਿਫ ਅਲਵੀ ਨੇ ਰੇਲ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਇਮਰਾਨ ਖਾਨ ਨੇ ਆਪਣੇ ਇਕ ਟਵੀਟ ਵਿਚ ਕਿਹਾ ਕਿ ਉਨ੍ਹਾਂ ਨੇ ਰੇਲ ਮੰਤਰੀ ਨੂੰ ਸੁਰੱਖਿਆ ਦੇ ਮਿਆਰ ਨੂੰ ਯਕੀਨੀ ਬਣਾਉਣ ਅਤੇ ਐਮਰਜੈਂਸੀ ਕਦਮ ਚੁੱਕਣ ਲਈ ਕਿਹਾ ਹੈ।

 

ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਵੀ ਹਾਦਸੇ ਵਿਚ ਮ੍ਰਿਤਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 15 ਲੱਖ ਰੁਪਏ ਅਤੇ ਜ਼ਖਮੀਆਂ ਲਈ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ।


author

Vandana

Content Editor

Related News