ਪਾਕਿਸਤਾਨ ਦੀ ਗਿੱਦੜ-ਭਬਕੀ, ਕਿਹਾ- ਭਾਰਤ ''ਤੇ ਕਰਾਂਗੇ ਮਿਜ਼ਾਇਲਾਂ ਨਾਲ ਹਮਲਾ
Tuesday, Oct 29, 2019 - 02:11 PM (IST)

ਇਸਲਾਮਾਬਾਦ— ਪਾਕਿਸਤਾਨ 'ਚ ਕਸ਼ਮੀਰ ਮਾਮਲਿਆਂ ਦੇ ਮੰਤਰੀ ਅਲੀ ਅਮੀਨ ਨੇ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਹੈ। ਪਾਕਿਸਤਾਨੀ ਮੰਤਰੀ ਨੇ ਭਾਰਤ ਨੂੰ ਮਿਜ਼ਾਇਲ ਹਮਲੇ ਦੀ ਧਮਕੀ ਦਿੱਤੀ ਹੈ। ਪਾਕਿਸਤਾਨ 'ਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਕਸ਼ਮੀਰ ਮਸਲੇ 'ਤੇ ਰੁਖ ਤੋਂ ਪਿੱਛੇ ਨਹੀਂ ਹਟਦਾ ਤਾਂ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ।
ਇਸ ਦੌਰਾਨ ਮੰਤਰੀ ਨੇ ਧਮਕੀ ਦਿੰਦਿਆਂ ਕਿਹਾ ਕਿ ਇਕ ਮਿਜ਼ਾਇਲ ਭਾਰਤ ਵੱਲ ਜਾਵੇਗੀ ਤੇ ਜੋ ਵੀ ਉਸ ਦਾ ਸਾਥ ਦੇਣ ਦੀ ਕੋਸ਼ਿਸ਼ ਕਰੇਗਾ, ਦੂਜੀ ਮਿਜ਼ਾਇਲ ਉਸ ਦੇਸ਼ ਵੱਲ ਭੇਜੀ ਜਾਵੇਗੀ। ਅਮੀਨ ਨੇ ਇਹ ਵੀ ਸਵਿਕਾਰ ਕੀਤਾ ਕਿ ਕਸ਼ਮੀਰ 'ਤੇ ਪਾਕਿਸਤਾਨ ਨੂੰ ਕਿਸੇ ਵੀ ਰਾਸ਼ਟਰ ਦਾ ਸਮਰਥਨ ਨਹੀਂ ਮਿਲ ਰਿਹਾ ਹੈ ਤੇ ਇਹ ਚੁੱਪੀ ਸਾਰਿਆਂ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ।
ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਕਸ਼ਮੀਰ ਤੇ ਗਿਲਗਿਤ ਬਾਲਟਿਸਤਾਨ ਦੇ ਲਈ ਅਲੱਗ ਤੋਂ ਇਕ ਮੰਤਰਾਲੇ ਦਾ ਗਠਨ ਕੀਤਾ ਹੋਇਆ ਹੈ ਤੇ ਇਸ ਦਾ ਇੰਚਾਰਜ ਦੇ ਤੌਰ 'ਤੇ ਅਲੀ ਅਮੀਨ ਗਾਂਦਾਪੁਰ ਨੂੰ ਨਿਯੁਕਤ ਕੀਤਾ ਗਿਆ ਹੈ। ਸੋਮਵਾਰ ਨੂੰ ਅਮੀਨ ਨੇ ਲਾਹੌਰ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜੇਕਰ ਭਾਰਤ ਦੇ ਨਾਲ ਤਣਾਅ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਇਸ ਨਾਲ ਦੋਵਾਂ ਮੁਲਕਾਂ 'ਚ ਜੰਗ ਦਾ ਖਤਰਾ ਹੋਵੇਗਾ। ਭਾਰਤ ਵਲੋਂ ਭੜਕਾਊ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਜਿਹੇ 'ਚ ਪਾਕਿਸਤਾਨ ਚੁੱਪ ਨਹੀਂ ਰਹਿਣ ਵਾਲਾ।