ਪਾਕਿਸਤਾਨ ਨੇ ਕੀਤੀ ਕੌਮਾਂਤਰੀ ਭਾਈਚਾਰੇ ਤੋਂ ਅਫ਼ਗਾਨਿਸਤਾਨ ਦੀ ਮਦਦ ਦੀ ਅਪੀਲ
Saturday, Sep 04, 2021 - 01:02 PM (IST)

ਸੰਯੁਕਤ ਰਾਸ਼ਟਰ (ਭਾਸ਼ਾ)-ਅਫ਼ਗਾਨਿਸਤਾਨ ’ਤੇ ਤਾਲਿਬਾਨੀ ਕੰਟਰੋਲ ਤੋਂ ਬਾਅਦ ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਤੋਂ ਉਸ ਦੇ ਲਈ ਤਿੰਨ ਅਯਾਮੀ ਦ੍ਰਿਸ਼ਟੀਕੋਣ ਅਪਨਾਉਣ ਦੀ ਬੇਨਤੀ ਕੀਤੀ ਹੈ। ਇਸ ਵਿਚ ਖ਼ੁਰਾਕ ਸੰਕਟ ਦਾ ਸਾਹਮਣਾ ਕਰ ਰਹੇ 1.4 ਕਰੋੜ ਲੋਕਾਂ ਨੂੰ ਜਲਦੀ ਮਦਦ ਪ੍ਰਦਾਨ ਕਰਨਾ, ਇਕ ਇਨਕਲੂਸਿਵ ਸਰਕਾਰ ਨੂੰ ਬੜ੍ਹਾਵਾ ਦੇਣਾ ਅਤੇ ਦੇਸ਼ ਵਿਚ ਸਾਰੇ ਅੱਤਵਾਦੀ ਸੰਗਠਨਾਂ ਦਾ ਖ਼ਾਤਮਾ ਕਰਨ ਲਈ ਤਾਲਿਬਾਨ ਨਾਲ ਕੰਮ ਕਰਨਾ ਸ਼ਾਮਲ ਹੈ।
ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਨੇ ਇਕ ਇੰਟਰਵਿਊ ਵਿਚ ਕਿਹਾ ਕਿ 3 ਤਰਜੀਹਾਂ ’ਤੇ ਮਿਲ ਕੇ ਕੰਮ ਕਰਨ ਲਈ ਪਾਕਿਸਤਾਨ ਉਸ ਖੇਤਰ ਦੇ ਦੇਸ਼ਾਂ ਅਤੇ ਕੌਮਾਂਤਰੀ ਭਾਈਚਾਰੇ ਨਾਲ ਸੰਪਰਕ ਵਿਚ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਨੁੱਖੀ ਮਦਦ ਸਰਵਉੱਚ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅਫ਼ਗਾਨਿਸਤਾਨ ਦੀ ਜਾਇਦਾਦ ਨੂੰ ਅਮਰੀਕਾ ਅਤੇ ਹੋਰਨਾਂ ਵੱਲੋਂ ਜ਼ਬਤ ਕਰਨ ਦੇ ਕਦਮ ਨੂੰ ਬੇਕਾਰ ਦੱਸਿਆ ਕਿਉਂਕਿ ਇਸ ਨਾਲ ਤਾਲਿਬਾਨ ਦੀ ਖੁਰਾਕ ਸਮੱਗਰੀ ਖ਼ਰੀਦਣ ਜਾਂ ਤੇਲ ਦਰਾਮਦ ਕਰਨ ਲਈ ਡਾਲਰ ਜਾਂ ਵਿਦੇਸ਼ੀ ਮੁੱਦਰਾ ਤੱਕ ਪਹੁੰਚ ਖ਼ਤਮ ਹੋ ਜਾਏਗੀ।