ਪਾਕਿ : ਹਸਪਤਾਲ ਨੇੜੇ ਆਤਮਘਾਤੀ ਧਮਾਕਾ, 7 ਲੋਕਾਂ ਦੀ ਮੌਤ ਕਈ ਜ਼ਖਮੀ

07/21/2019 6:40:42 PM

ਇਸਲਾਮਾਬਾਦ (ਏਜੰਸੀ)—ਪਾਕਿਸਤਾਨ ਵਿਚ ਐਤਵਾਰ ਨੂੰ ਡੇਰਾ ਇਜ਼ਮਾਈਲ ਖਾਨ ਜ਼ਿਲੇ ਦੇ ਇਕ ਹਸਪਤਾਲ ਨੇੜੇ ਆਤਮਘਾਤੀ ਧਮਾਕਾ ਕੀਤਾ ਗਿਆ। ਜਾਣਕਾਰੀ ਮੁਤਾਬਕ ਆਤਮਘਾਤੀ ਹਮਲਾਵਰ ਨੇ ਹਸਪਤਾਲ ਦੇ ਟ੍ਰਾਮਾ ਸੈਂਟਰ ਨੇੜੇ ਖੁਦ ਨੂੰ ਉਡਾ ਲਿਆ। ਧਮਾਕੇ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 40 ਹੋਰ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਹੈ। ਆਤਮਘਾਤੀ ਧਮਾਕੇ ਵਿਚ 7 ਤੋਂ 8 ਕਿਲੋ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ।

 

ਡੀ.ਆਈ.ਜੀ. ਇਫਤੇਖਾਰ ਸ਼ਾਹ ਨੇ ਦੱਸਿਆ ਕਿ ਇਹ ਇਕ ਆਤਮਘਾਤੀ ਹਮਲਾ ਸੀ। ਹਮਲਾਵਰ ਇਕ ਮਹਿਲਾ ਸੀ। ਪੁਲਸ ਨੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਸਥਾਨਕ ਪੁਲਸ ਮੁਤਾਬਕ ਆਤਮਘਾਤੀ ਹਮਲਾਵਰ ਨੇ ਮਰੀਜ਼ਾਂ ਅਤੇ ਹਸਪਤਾਲ ਦੇ ਕਰਮਚਾਰੀਆਂ ਸਮੇਤ ਉਨ੍ਹਾਂ ਲੋਕਾਂ 'ਤੇ ਹਮਲਾ ਕੀਤਾ ਜੋ ਹਸਪਤਾਲ ਦੇ ਟ੍ਰਾਮਾ ਸੈਂਟਰ ਵਿਚ ਜਾ ਰਹੇ ਸਨ। ਮੌਕੇ 'ਤੇ ਪਹੁੰਚੀ ਬਚਾਅ ਟੀਮ ਨੇ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। 

ਜ਼ਿਲਾ ਪੁਲਸ ਪ੍ਰਮੁੱਖ ਸਲੀਮ ਰਿਆਜ਼ ਨੇ ਦੱਸਿਆ ਕਿ ਆਤਮਘਾਤੀ ਧਮਾਕੇ ਵਿਚ ਦੋ ਪੁਲਸ ਕਰਮੀਆਂ ਸਮੇਤ 5 ਲੋਕ ਮਾਰੇ ਗਏ। ਉਨ੍ਹਾਂ ਨੇ ਕਿਹਾ ਕਿ ਖੇਤਰ ਵਿਚ ਇਕ ਮਹਿਲਾ ਵੱਲੋਂ ਆਤਮਘਾਤੀ ਧਮਾਕਾ ਕਰਨ ਦੀ ਇਹ ਪਹਿਲੀ ਘਟਨਾ ਹੈ। ਚਸ਼ਮਦੀਦਾਂ ਮੁਤਾਬਕ ਹਮਲਾਵਰ ਮਹਿਲਾ ਨੇ ਸਿਰ ਤੋਂ ਪੈਰਾਂ ਤੱਕ ਬੁਰਕਾ ਪਾਇਆ ਹੋਇਆ ਸੀ। ਪੁਲਸ ਨੇ ਹਮਲਵਾਰ ਦੇ ਕੁਝ ਅੰਗ ਬਰਾਮਦ ਕਰ ਕੇ ਉਨ੍ਹਾਂ ਨੂੰ ਫੌਰੇਂਸਿਕ ਜਾਂਚ ਲਈ ਭੇਜ ਦਿੱਤਾ ਹੈ। ਤਹਿਰੀਕ-ਏ-ਤਾਲਿਬਾਨ  ਪਾਕਿਸਤਾਨ (ਟੀ.ਟੀ.ਪੀ.) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।


Vandana

Content Editor

Related News