ਪਾਕਿ ਨੇ ਆਪਣੇ 262 ਪਾਇਲਟਾਂ ਨੂੰ ਜਹਾਜ਼ ਉਡਾਣ ਤੋਂ ਰੋਕਿਆ

07/04/2020 1:58:28 AM

ਇਸਲਾਮਾਬਾਦ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀ.ਆਈ.ਏ.) ਫਿਰ ਵਿਵਾਦਾਂ 'ਚ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਉਸਨੇ ਆਪਣੇ 262 ਪਾਇਲਟਾਂ ਨੂੰ ਜਹਾਜ਼ ਉਡਾਣ ਤੋਂ ਰੋਕ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਯੋਗਤਾ ਸਵਾਲਾਂ ਦੇ ਘੇਰੇ 'ਚ ਹੈ। ਇੱਕ ਜਾਂਚ 'ਚ ਪਤਾ ਲੱਗਾ ਹੈ ਕਿ ਇਨ੍ਹਾਂ ਪਾਇਲਟਾਂ ਨੇ ਜਾਂ ਤਾਂ ਪ੍ਰੀਖਿਆਵਾਂ 'ਚ ਨਕਲ ਕੀਤੀ ਜਾਂ ਕਿਸੇ ਹੋਰ ਤੋਂ ਆਪਣੇ ਪੇਪਰ ਦਿਲਵਾਏ। ਪਾਕਿਸਤਾਨ ਨੂੰ ਇੱਕ-ਤਿਹਾਈ ਪਾਇਲਟਾਂ 'ਤੇ ਸ਼ੱਕ ਹੈ ਕਿ ਉਨ੍ਹਾਂ ਨੇ ਧੋਖਾਧੜੀ ਨਾਲ ਲਾਇਸੈਂਸ ਹਾਸਲ ਕੀਤੇ ਹਨ। ਪਾਇਲਟਾਂ ਨੂੰ ਜਹਾਜ਼ ਉਡਾਣ ਤੋਂ ਰੋਕਣ ਦੀ ਪੁਸ਼ਟੀ ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕਰਾਚੀ 'ਚ ਹੋਏ ਜਹਾਜ਼ ਹਾਦਸੇ ਤੋਂ ਬਾਅਦ ਫਰਜ਼ੀ ਪਾਇਲਟ ਲਾਇਸੰਸ ਦਾ ਮਾਮਲਾ ਗਰਮਾਇਆ ਹੈ।

ਗਲੋਬਲ ਸ਼ਰਮਿੰਦਗੀ ਜਾਂ ਸੁਧਾਰ
ਇਸ ਨੂੰ ਗਲੋਬਲ ਸ਼ਰਮਿੰਦਗੀ ਕਹੀਏ ਜਾਂ ਸੁਧਾਰ। ਪਾਇਲਟਾਂ ਅਤੇ ਹਵਾਬਾਜ਼ੀ ਅਧਿਕਾਰੀਆਂ ਦੇ ਗਠਜੋੜ ਨਾਲ ਪ੍ਰੀਖਿਆਵਾਂ 'ਚ ਹੋਣ ਵਾਲੀਆਂ ਗੜਬੜੀਆਂ ਦੀ ਜਾਂਚ 2018 ਤੋਂ ਹੀ ਹੋ ਰਹੀ ਹੈ। ਜਾਂਚ ਵਿਚ ਪਤਾ ਲੱਗਾ ਕਿ ਜਹਾਜ਼ ਦੇ ਪਾਇਲਟ ਦੇ ਰਿਕਾਰਡ 'ਚ ਲਾਇਸੈਂਸ ਲਈ ਪ੍ਰੀਖਿਆ ਦਾ ਜਿਹੜਾ ਦਿਨ ਦਰਜ ਸੀ ਉਸ ਦਿਨ ਤਾਂ ਸਰਕਾਰੀ ਛੁੱਟੀ ਸੀ। ਇਸਦਾ ਮਤਲਬ ਹੈ ਕਿ ਟੈਸਟ ਹੋਇਆ ਹੀ ਨਹੀਂ ਅਤੇ ਲਾਇਸੈਂਸ ਜਾਅਲੀ ਸੀ। ਇਸ ਦਾ ਨਤੀਜਾ ਸੀ ਕਿ 2019 'ਚ ਪੀ.ਆਈ.ਏ.ਦੇ 16 ਪਾਇਲਟਾਂ ਨੂੰ ਹਵਾਈ ਜਹਾਜ਼ ਉਡਾਣ ਤੋਂ ਰੋਕ ਦਿੱਤਾ ਗਿਆ।

ਪਾਇਲਟਾਂ ਦੀ ਸੂਚੀ 'ਤੇ ਸ਼ੱਕ
ਦੂਜੇ ਪਾਸੇ ਪਾਕਿਸਤਾਨ ਏਅਰਲਾਈਨ ਪਾਇਲਟ ਸੰਘ ਨੇ ਸਰਕਾਰ ਵਲੋਂ ਤਿਆਰ ਪਾਇਲਟਾਂ ਦੀ ਸੂਚੀ 'ਤੇ ਸ਼ੱਕ ਜਤਾਉਂਦੇ ਹੋਏ ਚੁਣੌਤੀ ਦਿੱਤੀ ਹੈ ਤੇ ਇਸ ਮਾਮਲੇ 'ਚ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਸੰਘ ਨੇ ਕਿਹਾ ਕਿ ਉਸ ਨੂੰ ਸਰਕਾਰ ਦੀ ਜਾਂਚ 'ਤੇ ਭਰੋਸਾ ਨਹੀਂ ਹੈ। 


Inder Prajapati

Content Editor

Related News