ਸਿੱਖ ਭਾਈਚਾਰੇ ਲਈ ਵੱਡੀ ਖ਼ਬਰ, ਪਾਕਿ ''ਚ 19ਵੀਂ ਸਦੀ ''ਚ ਬਣੇ ਸਿੱਖ ਗੁਰਦੁਆਰੇ ਦਾ ਹੋਵੇਗਾ ਨਵੀਨੀਕਰਨ
Friday, May 21, 2021 - 07:09 PM (IST)
ਪੇਸ਼ਾਵਰ (ਭਾਸ਼ਾ): ਪਾਕਿਸਤਾਨ ਤੋਂ ਸਿੱਖ ਭਾਈਚਾਰੇ ਲਈ ਇਕ ਵੱਡੀ ਖ਼ਬਰ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਨੇ ਸਿੱਖ ਸ਼ਾਸਕ ਹਰੀ ਸਿੰਘ ਨਲਵਾ ਦੇ ਸ਼ਾਸਨਕਾਲ ਦੌਰਾਨ ਬਣਾਏ ਗਏ 19ਵੀਂ ਸਦੀ ਦੇ ਇਕ ਗੁਰਦੁਆਰੇ ਦਾ ਨਵੀਨੀਕਰਨ ਕਰਨ ਅਤੇ ਉਸ ਨੂੰ ਸ਼ਰਧਾਲੂਆਂ ਲਈ ਖੋਲ੍ਹਣ ਲਈ ਉਸ 'ਤੇ ਕਬਜ਼ਾ ਕਰ ਲਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਮਾਨਸੇਹਰਾ ਜ਼ਿਲ੍ਹੇ ਵਿਚ ਸਿੱਖ ਗੁਰਦੁਆਰਾ ਬੰਦ ਹੈ ਅਤੇ ਇਕ ਅਸਥਾਈ ਲਾਇਬ੍ਰੇਰੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ।
ਸੂਬਾਈ ਸਰਕਾਰ ਨੇ ਕਿਹਾ ਕਿ ਗੁਰਦੁਆਰੇ ਦੇ ਮੁੜ ਨਿਰਮਾਣ ਨਾਲ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ ਕਿਉਂਕਿ ਵਿਸ਼ਵ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਨੇ ਇਸ ਅਸਥਾਨ ਦੇ ਦਰਸ਼ਨ ਕਰਨ ਦੀ ਰੁਚੀ ਦਿਖਾਈ ਹੈ।ਇਸ ਤੋਂ ਪਹਿਲਾਂ ਫਰਵਰੀ ਵਿਚ, ਸੂਬਾਈ ਔਕਾਫ ਅਤੇ ਧਾਰਮਿਕ ਮਾਮਲਿਆਂ ਦੇ ਵਿਭਾਗ ਨੇ ਸਥਾਨਕ ਸਰਕਾਰ ਨੂੰ ਸਿਫਾਰਿਸ਼ ਕੀਤੀ ਸੀ ਕਿ ਉਹ ਲਾਹੌਰ ਵਿਚ ਇਵੈਕਯੂ ਪ੍ਰਾਪਰਟੀ ਟਰੱਸਟ ਬੋਰਡ (EPTB) ਕੋਲ ਬਹਾਲ ਕਰਨ ਦਾ ਪ੍ਰਸਤਾਵ ਲੈਣ ਦੀ ਸਿਫਾਰਿਸ਼ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ - ਪਾਕਿ : ਦਿਲੀਪ ਕੁਮਾਰ ਅਤੇ ਰਾਜਕਪੂਰ ਦੇ ਜੱਦੀ ਘਰ ਨੂੰ ਖਰੀਦਣ ਲਈ 2.30 ਕਰੋੜ ਰੁਪਏ ਜਾਰੀ
ਜ਼ਿਕਰਯੋਗ ਹੈ ਕਿ ਈ.ਪੀ.ਟੀ.ਬੀ. ਇੱਕ ਕਾਨੂੰਨੀ ਬੋਰਡ ਹੈ ਜੋ ਉਹਨਾਂ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਜਾਇਦਾਦਾਂ ਅਤੇ ਧਾਰਮਿਕ ਸਥਾਨਾਂ ਦਾ ਪ੍ਰਬੰਧਨ ਕਰਦਾ ਹੈ ਜੋ ਵੰਡ ਤੋਂ ਬਾਅਦ ਭਾਰਤ ਚਲੇ ਗਏ ਸਨ। ਇਵੈਕਿਊਜ਼ ਪ੍ਰਾਪਰਟੀ ਟਰੱਸਟ ਬੋਰਡ ਨੇ ਗੁਰਦੁਆਰੇ ਨੂੰ ਇਕ ਇਤਿਹਾਸਕ ਜਾਇਦਾਦ ਘੋਸ਼ਿਤ ਕੀਤਾ ਹੈ ਅਤੇ ਸਥਾਨਕ ਸਰਕਾਰਾਂ ਵਿਭਾਗ, ਕੇ.ਪੀ.ਕੇ. ਨੂੰ ਲਾਇਬ੍ਰੇਰੀ ਸਮੇਤ ਬਿਲਡਿੰਗ ਕੰਪਲੈਕਸ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੜ ਬਹਾਲੀ ਯੋਜਨਾ ਦਾ ਸਵਾਗਤ ਕੀਤਾ ਹੈ।
ਇੱਥੇ ਦੱਸ ਦਈਏ ਕਿ ਹਰੀ ਸਿੰਘ ਨਲਵਾ (1791–1837) ਸਿੱਖ ਸਾਮਰਾਜ ਦਾ ਕਮਾਂਡਰ ਸੀ। ਉਹਨਾਂ ਨੂੰ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੂਦ ਦੀਆਂ ਲੜਾਈਆਂ ਲਈ ਯਾਦ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਹਨਾਂ ਦੀ ਸਿੱਧੀ ਨਿਗਰਾਨੀ ਹੇਠ ਕਿਲ੍ਹੇ, ਟਾਵਰ, ਗੁਰਦੁਆਰੇ, ਟੈਂਕ ਸਮੇਤ 56 ਤੋਂ ਵੱਧ ਇਮਾਰਤਾਂ ਉਸਾਰੀਆਂ ਗਈਆਂ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।